21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲ਼ਾ ਹੈ। ਜੀ ਹਾਂ, ਏਅਰ ਇੰਡੀਆ ਦਾ A320 ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕ ਗਿਆ। ਜਾਣਕਾਰੀ ਮੁਤਾਬਕ, ਇਸ ਜਹਾਜ਼ ਦੇ ਤਿੰਨੋਂ ਟਾਇਰ ਵੀ ਫਟ ਗਏ। ਜਾਣਕਾਰੀ ਅਨੁਸਾਰ, ਇਹ ਜਹਾਜ਼ ਮੇਨ ਰਨਵੇ 27 ਤੋਂ ਲਗਪਗ 16-17 ਮੀਟਰ ਦੂਰ ਜਾ ਕੇ ਚਿੱਕੜ ਭਰੇ ਇਲਾਕੇ ‘ਚ ਚਲਾ ਗਿਆ ਤੇ ਫਿਰ ਟੈਕਸੀਵੇ ‘ਤੇ ਰੁਕ ਗਿਆ।
ਕੋਈ ਯਾਤਰੀ ਜਾਂ ਕਰੂ ਮੈਂਬਰ ਜ਼ਖ਼ਮੀ ਨਹੀਂ ਹੋਇਆ
ਹਾਲਾਂਕਿ, ਜਹਾਜ਼ ਨੂੰ ਸਿਰਫ਼ ਹਲਕਾ ਨੁਕਸਾਨ ਪਹੁੰਚਿਆ ਤੇ ਉਹ ਖ਼ੁਦ ਹੀ ਟੈਕਸੀ ਕਰਦੇ ਹੋਏ ਪਾਰਕਿੰਗ ਬੇ ਤੱਕ ਪਹੁੰਚ ਗਿਆ। ਸੂਤਰਾਂ ਅਨੁਸਾਰ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਦੀ ਰਫ਼ਤਾਰ ਘੱਟ ਰਹੀ ਸੀ। ਮੌਸਮ ਦੀ ਖਰਾਬੀ ਤੇ ਰਨਵੇ ਦੀ ਤਿਲਕਣ ਨੇ ਸਥਿਤੀ ਨੂੰ ਹੋਰ ਮੁਸ਼ਕਲ ਬਣਾ ਦਿੱਤਾ। ਖੁਸ਼ਕਿਸਮਤੀ ਨਾਲ, ਕੋਈ ਯਾਤਰੀ ਜਾਂ ਕਰੂ ਮੈਂਬਰ ਜ਼ਖ਼ਮੀ ਨਹੀਂ ਹੋਇਆ।