ਨਵੀਂ ਦਿੱਲੀ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ੁੱਕਰਵਾਰ ਤੋਂ ਦੂਜੇ ਟੈਸਟ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਪਹਿਲੇ ਟੈਸਟ ਮੈਚ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ ਸੀ, ਜਿਸ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਹੁਣ ਦੂਜੇ ਟੈਸਟ ਮੈਚ ਵਿੱਚ ਵੀ ਮੁਹੰਮਦ ਸਿਰਾਜ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਭਾਰਤੀ ਟੀਮ ਦੇ ਬਾਲਿੰਗ ਕੋਚ ਮੋਰਨੇ ਮੋਰਕਲ ਨੇ ਇਸ ਦੇ ਸੰਕੇਤ ਦਿੱਤੇ ਹਨ।
ਦੂਜੇ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਬਾਲਿੰਗ ਕੋਚ ਨੇ ਕਿਹਾ ਕਿ ਪਲੇਇੰਗ ਇਲੈਵਨ ਵਿੱਚ ਆਪਣੀ ਜਗ੍ਹਾ ਮੁੜ ਹਾਸਲ ਕਰਨ ਲਈ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਨੂੰ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ।
ਚੋਣ ਕਰਨਾ ਸਾਡੇ ਹੱਥ ‘ਚ ਨਹੀਂ: ਮੋਰਨੇ ਮੋਰਕਲ
ਮੋਰਨੇ ਮੋਰਕਲ ਨੇ ਮੁਹੰਮਦ ਸਿਰਾਜ ਨੂੰ ‘ਵਿਸ਼ਵ ਪੱਧਰੀ’ ਗੇਂਦਬਾਜ਼ ਦੱਸਿਆ ਅਤੇ ਕਿਹਾ ਕਿ ਇਸ ਤੇਜ਼ ਗੇਂਦਬਾਜ਼ ਨੂੰ ਟੀਮ ਵਿੱਚ ਵਾਪਸੀ ਲਈ ਸਭ ਤੋਂ ਵਧੀਆ ਰਸਤਾ ਲੱਭਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਟੀਮ ਦੀ ਚੋਣ ਕਰਨਾ ਹਮੇਸ਼ਾ ਹੀ ਮੁਸ਼ਕਲ ਫ਼ੈਸਲਾ ਹੁੰਦਾ ਹੈ। ਇਹ ਕੋਈ ਆਸਾਨ ਕੰਮ ਨਹੀਂ ਹੈ। ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਖਿਡਾਰੀਆਂ ਨਾਲ ਲਗਾਤਾਰ ਗੱਲਬਾਤ ਕਰਦੇ ਰਹੀਏ।ਮੋਰਕਲ ਨੇ ਕਿਹਾ ਕਿ ਚੋਣ ਕਰਨਾ ਸਾਡੇ ਹੱਥ ਵਿੱਚ ਨਹੀਂ ਹੈ। ਫਿਲਹਾਲ ਅਸੀਂ ਸਿਰਫ਼ ਇੰਨਾ ਕਰ ਸਕਦੇ ਹਾਂ ਕਿ ਜਿਹੜੇ ਖਿਡਾਰੀ ਮੈਦਾਨ ਵਿੱਚ ਖੇਡ ਰਹੇ ਹਨ, ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇ। ਅਜਿਹਾ ਕਰਨਾ ਹੀ ਸਹੀ ਹੈ ਕਿਉਂਕਿ ਹਰ ਖਿਡਾਰੀ ਦਾ ਵੀ ਭਾਰਤ ਲਈ ਖੇਡਣ ਦਾ ਸੁਪਨਾ ਹੁੰਦਾ ਹੈ।
ਭਾਰਤੀ ਬਾਲਿੰਗ ਕੋਚ ਨੇ ਅੱਗੇ ਕਿਹਾ ਕਿ ਸਿਰਾਜ ਨੂੰ ਆਪਣੇ ਖੇਡ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਇਸ ਸਮੇਂ ਉਹ ਕਿਸ ਸਥਿਤੀ ਵਿੱਚ ਹਨ ਅਤੇ ਟੀਮ ਵਿੱਚ ਵਾਪਸੀ ਲਈ ਉਨ੍ਹਾਂ ਵਾਸਤੇ ਸਭ ਤੋਂ ਵਧੀਆ ਰਸਤਾ ਕੀ ਹੋ ਸਕਦਾ ਹੈ।
