ਮੋਗਾ, 29 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹਾੜ੍ਹੀ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਧਾਰਤ ਰੇਟ ਅਤੇ ਸਮੇਂ ਸਿਰ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਡੀਸੀ ਮੋਗਾ ਸਾਗਰ ਸੇਤੀਆ ਵੱਲੋਂ ਜ਼ਿਲ੍ਹੇ ਦੇ ਸਮੂਹ ਹੋਲਸੇਲ ਖਾਦ ਡੀਲਰ, ਖਾਦ ਕੰਪਨੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿਚ ਡੀਸੀ ਵੱਲੋਂ ਜ਼ਿਲ੍ਹੇ ਵਿਚ ਯੂਰੀਆ ਅਤੇ ਡੀਏਪੀ ਖਾਦ ਦੀ ਕੁੱਲ ਮੰਗ ਅਤੇ ਹੁਣ ਤੱਕ ਸਪਲਾਈ ਹੋਈ ਖਾਦ ਦੀ ਸਮੀਖਿਆ ਕੀਤੀ।
ਡੀਸੀ ਮੋਗਾ ਨੇ ਸਮੂਹ ਖਾਦ ਵਿਕਰੇਤਾਵਾਂ ਅਤੇ ਖਾਦ ਕੰਪਨੀਆਂ ਨੂੰ ਖਾਦ ਦੀ ਵੰਡ ਸੁੱਚਜੇ ਢੰਗ ਨਾਲ ਕਰਨ, ਨਿਰਧਾਰਤ ਰੇਟ ਤੇ ਵਿਕਰੀ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ ਦੀ ਸਖਤ ਸ਼ਬਦਾਂ ਵਿਚ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਖਾਦ ਦੀ ਵਿਕਰੀ ਨਿਰਧਾਰਤ ਮੁੱਲ ਅਤੇ ਬਿਨਾਂ ਕਿਸੇ ਟੈਗਿੰਗ ਦੇ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਗਿੰਗ ਜਾਂ ਵੱਧ ਰੇਟ ਤੇ ਖਾਦ ਦੀ ਵਿਕਰੀ ਕਰਨ ਵਾਲੇ ਖਾਦ ਵਿਕਰੇਤਾ ਜਾਂ ਕੰਪਨੀ ਨੁਮਾਇੰਦੇ ਵਿਰੁੱਧ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੀਸੀ ਨੇ ਕਿਹਾ ਕਿ ਇਕੋ ਹੀ ਕਿਸਾਨ ਨੂੰ ਵੱਧ ਮਾਤਰਾ ਵਿਚ ਖਾਦ ਦੀ ਵਿਕਰੀ ਕਰਨ ਅਤੇ ਵੱਧ ਮਾਤਰਾ ਵਿਚ ਖਾਦ ਦੀ ਖਰੀਦ ਕਰਨ ਵਾਲਿਆਂ ਵਿਰੁੱਧ ਹੋਰਡਿੰਗ ਅਤੇ ਸਟਾਕਿੰਗ ਦਾ ਕੇਸ ਬਣਦਾ ਹੈ। ਇਸ ਲਈ ਇਸ ਸਬੰਧੀ ਖਾਸ ਧਿਆਨ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਕਿਸਾਨ ਨੂੰ ਲੋੜੀਂਦੀ ਖਾਦ ਦੀ ਮਾਤਰਾ ਸਮੇਂ ਅਨੁਸਾਰ ਉਪਲਬੱਧ ਹੋਵੇ। ਇਸ ਸਮੇਂ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਮੋਗਾ ਡਾ. ਗੁਰਲਵਲੀਨ ਸਿੰਘ, ਡੀਐੱਮ ਮਾਰਕਫੈਡ ਬਲਦੀਪ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਗੁਰਜੋਤ ਸਿੰਘ, ਸਮੂਹ ਖਾਦ ਕੰਪਨੀਆਂ ਦੇ ਨੁਮਾਇੰਦੇ, ਹੋਲ ਸੇਲ ਖਾਦ ਡੀਲਰਜ਼, ਇਫਕੋ, ਕ੍ਰਿਭਕੋ ਆਦਿ ਹਾਜ਼ਰ ਸਨ।
ਸੰਖੇਪ:
