ਚੰਡੀਗੜ੍ਹ, 04 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜ੍ਹ ਪੀੜਤਾਂ ਲਈ ਵੱਡਾ ਫੈਸਲਾ ਲੈਂਦੇ ਹੋਏ ਆਪਣੇ ਦੋ ਨਿੱਜੀ ਆਵਾਸ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਗੰਭੀਰਪੁਰ ਵਿੱਚ ਉਨ੍ਹਾਂ ਦਾ ਘਰ ਅਤੇ ਨੰਗਲ ਵਿੱਚ ਸਥਿਤ ਸੇਵਾ ਸਦਨ ਹੁਣ ਪੂਰੀ ਤਰ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਖੁੱਲੇ ਰਹਿਣਗੇ।
ਇਨ੍ਹਾਂ ਦੋਵੇਂ ਆਵਾਸਾਂ ‘ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 24 ਘੰਟੇ ਹਰ ਕਿਸਮ ਦੀ ਜ਼ਰੂਰੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚ ਖਾਣ-ਪੀਣ, ਠਹਿਰਣ ਦੀ ਵਿਵਸਥਾ, ਤਬੀਅਤ ਸਬੰਧੀ ਮਦਦ ਅਤੇ ਹੋਰ ਲੋੜੀਂਦੀ ਸਹਾਇਤਾ ਸ਼ਾਮਲ ਹੋਵੇਗੀ। ਬੈਂਸ ਨੇ ਸਪਸ਼ਟ ਕਿਹਾ ਕਿ ਇਹ ਘਰ ਹੁਣ ਸਿਰਫ਼ ਉਨ੍ਹਾਂ ਦੇ ਨਿੱਜੀ ਨਹੀਂ ਰਹੇ, ਸਗੋਂ ਲੋਕਾਂ ਦੀ ਸੇਵਾ ਲਈ ਹਨ।
ਮੀਡੀਆ ਨਾਲ ਗੱਲ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ, “ਮੈਂ ਜੋ ਕੁਝ ਵੀ ਹਾਂ, ਲੋਕਾਂ ਦੇ ਕਾਰਨ ਹਾਂ। ਇਸ ਭਿਆਨਕ ਕੁਦਰਤੀ ਆਫ਼ਤ ਦੇ ਦੌਰਾਨ ਹਰ ਇਕ ਪੀੜਤ ਲਈ ਮੇਰੇ ਘਰਾਂ ਦੇ ਦਰਵਾਜ਼ੇ 24 ਘੰਟੇ ਖੁਲੇ ਹਨ।” ਇਸ ਐਲਾਨ ਨਾਲ ਇਲਾਕੇ ਵਿੱਚ ਲੋਕਾਂ ਵੱਲੋਂ ਮੰਤਰੀ ਦੇ ਫੈਸਲੇ ਦੀ ਸਰਾਹਨਾ ਕੀਤੀ ਜਾ ਰਹੀ ਹੈ। ਹੜ੍ਹ ਦੀ ਚਪੇਟ ਵਿੱਚ ਆਏ ਪਰਿਵਾਰਾਂ ਨੂੰ ਹੁਣ ਸਰਕਾਰੀ ਅਤੇ ਸਮਾਜਿਕ ਸਹਾਇਤਾ ਦੇ ਨਾਲ-ਨਾਲ ਸਿੱਧੇ ਤੌਰ ‘ਤੇ ਮੰਤਰੀ ਦੇ ਘਰਾਂ ਵਿੱਚ ਵੀ ਆਸਰਾ ਮਿਲੇਗਾ। ਹਰਜੋਤ ਬੈਂਸ ਦਾ ਇਹ ਕਦਮ ਨਾ ਸਿਰਫ਼ ਹੜ੍ਹ ਪੀੜਤਾਂ ਲਈ ਰਾਹਤ ਹੈ, ਸਗੋਂ ਹੋਰ ਆਗੂਆਂ ਲਈ ਵੀ ਇਕ ਮਿਸਾਲ ਹੈ ਕਿ ਲੋਕਾਂ ਦੀ ਸੇਵਾ ਲਈ ਨਿੱਜੀ ਪੱਧਰ ‘ਤੇ ਅੱਗੇ ਆਉਣਾ ਕਿੰਨਾ ਜ਼ਰੂਰੀ ਹੈ।