police arrest

24 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ): ਦੇਸ਼ ਦੀ ਸੁਰੱਖਿਆ ਚ ਸੰਨ ਲਗਾਉਂਦਿਆਂ ਕਿੰਗ ਪਿੰਨ ਦੋ ਸਕੇ ਫੌਜੀ ਭਰਾਵਾਂ ਨੇ ਆਪਣੇ ਹੀ ਪਿੰਡ ਦੇ ਇੱਕ ਹੋਰ ਫ਼ੌਜੀ ਤੇ ਦੋ ਹੋਰਨਾਂ ਨਾਲ ਗਿਰੋਹ ਬਣਾ ਕੇ ਪਾਕਿ ਤਸ਼ਕਰਾਂ ਤੋਂ ਹਿੰਦ ਪਾਕ ਸਰਹੱਦ ਤੋਂ ਡਰੋਨ ਰਾਹੀਂ ਹੈਰੋਇਨ ਤੇ ਅਸਲਾ ਮੰਗਵਾ ਕੇ ਅਗਾਂਹ ਸਪਲਾਈ ਕਰਨ ਵਾਲੇ ਗਿਰੋਹ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਪੁਲਿਸ ਨੇ ਪਰਦਾਫਾਸ ਕੀਤਾ ਹੈ।
ਐਸਐਸਓਸੀ ਨੇ ਇਸ ਗਿਰੋਹ ਦੇ ਇੱਕ ਫੌਜੀ ਸਮੇਤ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਬਟਾਲਾ ਦੀ ਅਦਾਲਤ ਪੇਸ਼ ਕੀਤਾ ਹੈ ਅਤੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ‘ਚ ਕੁੱਲ ਪੰਜ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ ਜਿੰਨਾਂ ‘ਚੋਂ ਤਿੰਨ ਫੌਜ ਚ ਨੌਕਰੀ ਰਹੇ ਹਨ। ਕਿੰਗ ਪਿੰਨ ਅਤੇ ਉਸਦਾ ਸਕਾ ਭਰਾ ਇਸ ਵੇਲੇ ਫੌਜ ‘ਚ ਤੈਨਾਤ ਹਨ ਅਤੇ ਦੋਹਾਂ ਦੀ ਗਿਰਫਤਾਰੀ ਲਈ ਐਸਐਸਓਸੀ ਪੁਲਿਸ ਵਲੋਂ ਫੌਜ ਦੇ ਉੱਚ ਅਧਿਕਾਰੀਆਂ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ।
ਗਿਰੋਹ ਦਾ ਮੁੱਖ ਸਰਗਨਾ ਅਤੇ ਉਸਦੇ ਤਿੰਨ ਸਾਥੀ ਆਪਸ ਚਾਚੇ ਤਾਏ ਦੇ ਲੜਕੇ ਹਨ ਜਦਕਿ ਇੱਕ ਹੋਰ ਨਾਮਜ਼ਦ ਮੁਲਜ਼ਮ ਮੁੱਖ ਸਰਗਨੇ ਦਾ ਦੋਸਤ ਹੈ। ਪੁਲਿਸ ਅਨੁਸਾਰ ਕਿੰਗ ਪਿੰਨ ਦੋ ਸਕੇ ਭਰਾਵਾਂ ਨੇ ਪਾਕਿਸਤਾਨ ਚ ਬੈਠੇ ਨਸ਼ਾ ਤਸਕਰਾਂ ਨਾਲ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਬਣਾਇਆ ਹੋਇਆ ਸੀ। ਪੁਲਿਸ ਨੇ ਫੜੇ ਗਏ ਫੌਜੀ ਅਤੇ ਉਸਦੇ ਦੋ ਹੋਰ ਸਾਥੀਆਂ ਕੋਲੋਂ 135 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ 32 ਬੋਰ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਥਾਣਾ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਿਲਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਅਧੀਨ ਆਉਂਦੇ ਪਿੰਡ ਗਾਦੜੀਆਂ ਦਾ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਸੁਖਪ੍ਰੀਤ ਸਿੰਘ ਜੋ ਦੋਵੇਂ ਭਰਾ ਭਾਰਤੀ ਫੌਜ ਕੰਮ ਕਰ ਰਹੇ ਹਨ। ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਇਸ ਵੇਲੇ ਜੰਮੂ ਕਸ਼ਮੀਰ ਅਤੇ ਸੁਖਪ੍ਰੀਤ ਸਿੰਘ ਅਗਨੀਵੀਰ ਬਠਿੰਡਾ ਵਿਖੇ ਤੈਨਾਤ ਹੈ।

ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਸੁਖਪ੍ਰੀਤ ਸਿੰਘ ਦੋਵਾਂ ਭਰਾਵਾਂ ਨੇ ਪਿਛਲੇ ਸਮੇਂ ਚ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਇੱਕ ਖੇਪ ਆਪਣੇ ਸਾਥੀਆਂ ਕੁਲਵਿੰਦਰ ਸਿੰਘ ਉਰਫ ਕਿੰਦਾ , ਆਕਾਸ਼ਦੀਪ ਸਿੰਘ ਉਰਫ ਕੰਗ ਵਾਸੀਅਨ ਗਾਦੜੀਆਂ ਥਾਣਾ ਘੁੰਮਣ ਕਲਾਂ ਅਤੇ ਅਰਵਿੰਦਰ ਸਿੰਘ ਉਰਫ ਗਗਨ ਵਾਸੀ ਘੁੰਮਣ ਖੁਰਦ ਰਾਹੀਂ ਮੰਗਵਾਈ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਉਰਫ ਕੰਗ ਵੀ ਭਾਰਤੀ ਸੈਨਾ ਵਿੱਚ ਨੌਕਰੀ ਕਰਦਾ ਹੈ ਅਤੇ ਅੱਜਕੱਲ ਛੁੱਟੀ ਤੇ ਆਇਆ ਹੋਇਆ ਸੀ ਅਤੇ ਉਸਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਈ ਖੇਪ ਨੂੰ ਦੋ ਹੋਰ ਸਾਥੀਆਂ ਨਾਲ ਬੁਲੇਟ ਮੋਟਰਸਾਈਕਲ ਨੰਬਰ ਪੀਬੀ06 ਬੀਸੀ 2996 ਤੇ ਸਵਾਰ ਹੋ ਕੇ ਅੱਗੇ ਸਪਲਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਉਹਨਾਂ ਦੱਸਿਆ ਕਿ ਮਿਲੀ ਇਤਲਾਹ ਦੇ ਆਧਾਰ ਤੇ 19 ਮਾਰਚ ਨੂੰ ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ਪਾਸ ਨੇੜੇ ਇੱਕ ਕਾਲਜ ਤੇ ਨਾਕਾਬੰਦੀ ਦੌਰਾਨ ਫੌਜੀ ਆਕਾਸ਼ਦੀਪ ਸਿੰਘ ਉਰਫ ਕੰਗ ਉਸਦੇ ਸਾਥੀ ਕੁਲਵਿੰਦਰ ਸਿੰਘ ਕਿੰਦਾ ਅਤੇ ਅਰਵਿੰਦਰ ਸਿੰਘ ਉਰਫ ਗਗਨ ਨੂੰ ਗ੍ਰਿਫਤਾਰ ਕੀਤਾ ਗਿਆ । ਇੰਸਪੈਕਟਰ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜਮਾਂ ਕੋਲੋਂ 135ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ 32 ਬੋਰ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਮੁਲਜਮਾਂ ਦਾ ਬੁੱਲਟ ਮੋਟਰਸਾਈਕਲ ਵੀ ਕਬਜ਼ੇ ਚ ਲੈ ਲਿਆ ਗਿਆ ਹੈ।

ਉਹਨਾਂ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜ਼ਮਾਂ ਨੂੰ ਬਟਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਹੈ ਤੇ ਦੋ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਇੰਸਪੈਕਟਰ ਅਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਮੁਖ ਸਰਗਨਾ ਗੁਰਪ੍ਰੀਤ ਸਿੰਘ ਗੋਪੀ ਅਤੇ ਉਸਦਾ ਭਰਾ ਸੁਖਪ੍ਰੀਤ ਸਿੰਘ ਇਸ ਵੇਲੇ ਫੌਜ ਚ ਤੈਨਾਤ ਹਨ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਫੌਜ ਦੇ ਉੱਚ ਅਧਿਕਾਰੀਆਂ ਰਾਹੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਅਹਿਮ ਖਲਾਸੇ ਹੋਣ ਦੀ ਸੰਭਾਵਨਾ ਹੈ।

ਸੰਖੇਪ:-ਪੰਜਾਬ ਦੀ ਪੁਲਿਸ ਨੇ ਫੌਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ, ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਫੌਜੀਆਂ ਨੂੰ ਗ੍ਰਿਫਤਾਰ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।