ਜਲੰਧਰ, 14 ਮਾਰਚ (ਪੰਜਾਬੀ ਖ਼ਬਰਨਾਮਾ):ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਆਪਣੇ ਜਲੰਧਰ ਦੇ ਦੋ ਦਿਨਾਂ ਦੌਰੇ ਦੌਰਾਨ ਵੱਖ-ਵੱਖ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਅਤੇ ਰਾਸ਼ਨ ਡਿਪੂਆਂ ’ਤੇ ਕਣਕ ਦੀ ਵੰਡ ਦਾ ਜਾਇਜ਼ਾ ਲਿਆ।
ਉਨ੍ਹਾਂ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਆਦਮਪੁਰ, ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੀਆ ਖੁਰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੀਆ ਮਲਸੀਆਂ, ਸਰਕਾਰੀ ਐਲੀਮੈਂਟਰੀ ਸਕੂਲ ਲਕਸ਼ਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਵੇਲੀ ਪੱਟੀ ਦਾ ਦੌਰਾ ਕਰਦਿਆਂ ਉਥੇ ਬੱਚਿਆਂ ਨੂੰ ਮਿਡ-ਡੇ ਮੀਲ ਵਿੱਚ ਦਿੱਤੇ ਜਾਂਦੇ ਖਾਣੇ ਦੀ ਜਾਂਚ ਤੋਂ ਇਲਾਵਾ ਸਕੂਲਾਂ ਵਿੱਚ ਰਾਸ਼ਨ ਦੇ ਭੰਡਾਰਨ ਦੇ ਪ੍ਰਬੰਧ, ਖਾਣਾ ਤਿਆਰ ਕਰਨ ਦੀ ਥਾਂ, ਪਰੋਸਣ ਦੀ ਵਿਵਸਥਾ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਰਾਸ਼ਨ ਦੇ ਸੁਰੱਖਿਅਤ ਭੰਡਾਰਨ, ਖਾਣਾ ਪਕਾਉਣ ਲਈ ਸਾਫ-ਸੁਥਰੀ ਥਾਂ ਸਮੇਤ ਹੋਰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਉਨ੍ਹਾਂ ਗਾਜ਼ੀਪੁਰ, ਲਕਸ਼ਿਆ, ਹਵੇਲੀ ਪੱਟੀ, ਮਲਸੀਆਂ, ਅਕਾਲਪੁਰ ਪੱਟੀ, ਡਾਬਰੀ ਕਲੋਨੀ ਵਿਖੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਦੌਰਾ ਕਰਦਿਆਂ ਸਟਾਫ਼ ਨੂੰ ਲੋੜੀਂਦੇ ਮਾਪਦੰਡਾਂ ਬਾਰੇ ਹਦਾਇਤਾਂ ਦਿੱਤੀਆਂ।
ਉਪਰੰਤ ਮੈਂਬਰ ਫੂਡ ਕਮਿਸ਼ਨ ਨੇ ਆਦਮਪੁਰ, ਖੁਰਦਪੁਰ, ਸ਼ਾਹਕੋਟ, ਸੰਦਲਵਾਲ ਵਿਖੇ ਰਾਸ਼ਨ ਡਿਪੂਆਂ ’ਤੇ ਕੀਤੀ ਜਾਂਦੀ ਕਣਕ ਦੀ ਵੰਡ ਦਾ ਜਾਇਜ਼ਾ ਲੈਂਦਿਆਂ ਕੌਮੀ ਅੰਨ ਸੁਰੱਖਿਆ ਐਕਟ, 2013 ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਦੇ ਲਾਭ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਡਿਪੂਆਂ ’ਤੇ ਲੋੜੀਂਦੀ ਜਾਣਕਾਰੀ ਵਾਲੇ ਬੈਨਰ ਅਤੇ ਸ਼ਿਕਾਇਤ ਬਾਕਸ ਲਗਾਉਣ ਲਈ ਵੀ ਕਿਹਾ।
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਹੈਲਪਲਾਈਨ ਨੰਬਰ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਨੇ ਕਿਹਾ ਕਿ ਮਿਡ-ਡੇ ਮੀਲ, ਰਾਸ਼ਨ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਸ਼ਿਕਾਇਤ ਲਈ ਲੋਕ ਕਮਿਸ਼ਨ ਦੀ ਵੈਬਸਾਈਟ punjabfoodcommission@gmail.com ਜਾਂ ਹੈਲਪਲਾਈਨ ਨੰਬਰ 98767-64545 ’ਤੇ ਸੰਪਰਕ ਕਰ ਸਕਦੇ ਹਨ।