ਕੀਰਤਪੁਰ ਸਾਹਿਬ,12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਡਾ.ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਰਤਪੁਰ ਸਾਹਿਬ ਸਥਿਤ ਮੁੱਢਲੇ ਸਿਹਤ ਕੇਂਦਰ ਅਤੇ ਬਲਾਕ ਅਧੀਨ ਆਉਂਦੇ ਆਯੁਸ਼ਮਾਨ ਅਰੋਗਿਆ ਕੇਂਦਰਾਂ ‘ਤੇ ਅੱਜ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਈ ਮਾਰੂ ਰੋਗਾਂ ਤੋਂ ਬਚਾਅ ਲਈ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ਅਤੇ ਉਹਨਾਂ ਦੀ ਸਿਹਤ ਜਾਂਚ ਵੀ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੰਗਜੀਤ ਸਿੰਘ ਨੇ ਸੰਤੁਲਿਤ ਖ਼ੁਰਾਕ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਨਾ ਸਿਰਫ਼ ਮਾਂ ਲਈ ਸਗੋਂ ਬੱਚੇ ਲਈ ਵੀ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਮਮਤਾ ਦਿਵਸ ਮੌਕੇ ਲਾਏ ਗਏ ਕੈਂਪਾਂ ਵਿੱਚ ਗਰਭਵਤੀ ਔਰਤਾਂ ਨੂੰ ਆਇਰਨ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਉਹਨਾਂ ਦਾ ਭਾਰ ਅਤੇ ਬੀ.ਪੀ ਵੀ ਚੈੱਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਜਾਦਾ ਹੈ। ਉਹਨਾਂ ਕਿਹਾ ਕਿ ਮਮਤਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੋਲੀਓ, ਕਾਲੀ ਖਾਂਸੀ, ਟੀ.ਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ ,ਗਲਘੋਟੂ ਅਤੇ ਟੈਟਨਸ ਵਰਗੇ ਮਾਰੂ ਰੋਗਾਂ ਤੋਂ ਬਚਾਉਣਾ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਦਬਖੇੜਾ ਸਥਿਤ ਆਯੂਸ਼ਮਾਨ ਅਰੋਗਿਆ ਕੇਂਦਰ ‘ਤੇ ਲਗਾਏ ਗਏ ਕੈਂਪ ਦੌਰਾਨ ਸੀ.ਐੱਚ.ਓ ਜਸਪ੍ਰੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਜਣੇਪਾ ਹਸਪਤਾਲ ਵਿੱਚ ਹੀ ਕਰਵਾਉਣ, ਜਣੇਪੇ ਉਪਰੰਤ ਮਿਲਣ ਵਾਲੇ ਜਨਨੀ ਸੁਰੱਖਿਆ ਯੋਜਨਾ ਦੇ ਲਾਭ ਅਤੇ ਬੱਚਿਆਂ ਦੇ ਜਨਮ ਵਿੱਚ ਅੰਤਰ ਰੱਖਣ ਲਈ ਵਰਤੇ ਜਾਂਦੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਅਨੁਰਾਧਾ, ਨਿਸ਼ਾ, ਮਨਜੀਤ ਕੌਰ, ਹੇਮਰਾਜ ਹਾਜ਼ਰ ਸਨ।