ਸ੍ਰੀ ਮੁਕਤਸਰ ਸਾਹਿਬ, 28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪਸ਼ੂ ਪਾਲਣ ਧੰਦੇ ਨੂੰ ਪ੍ਰਫੁੱਲਤ ਕਰਨ ਲਈ 16 ਮਈ ਤੋਂ 26 ਮਈ 2025 ਤੱਕ ਪਸ਼ੂ ਪਾਲਣ ਸਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ ਜ਼ਿਲ਼੍ਹੇ ਭਰ ਵਿੱਚੋਂ 25 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਸਿਖਲਾਈ ਦੌਰਾਨ ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫੈਸਰ, ਪਸ਼ੂ ਵਿਗਿਆਨ ਵੱਲੋਂ ਪਸ਼ੂਆਂ ਦੀ ਨਸਲ ਬਾਰੇ ਅਤੇ ਉਨ੍ਹਾਂ ਦੇ ਸੁਧਾਰ ਬਾਰੇ, ਪਸ਼ੂਆਂ ਦੀ ਖੁਰਾਕ ਤਿਆਰ ਕਰਨਾ, ਡੇਅਰੀ ਸ਼ੈਡ ਦਾ ਪ੍ਰਬੰਧ ਅਤੇ ਸਿਹਤ ਸੁਧਾਰ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਡਾ. ਮੁਸਕਾਨ, ਵੈਟਨਰੀ ਅਫ਼ਸਰ, ਬੱਲਮਗੜ੍ਹ ਨੇ ਸਿਖਿਆਰਥੀਆਂ ਨਾਲ ਪਸ਼ੂਆਂ ਦੀਆਂ ਪ੍ਰਜਨਣ ਸਮੱਸਿਆਵਾਂ ਅਤੇ ਪਾਚਣ ਪ੍ਰਣਾਲੀ ਦੀਆਂ ਕੁਝ ਆਮ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ, ਡਾ. ਗੋਪਿਕਾ, ਪ੍ਰੋਫੈਸਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦੁੱਧ ਦੀ ਪ੍ਰੋਸੈਸਿੰਗ ਬਾਰੇ ਅਤੇ ਇਸ ਤੋਂ ਵੱਖ-ਵੱਖ ਪਦਾਰਥ ਬਣਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਸਿਖਲਾਈ ਦੌਰਾਨ, ਡਾ. ਕਰਮਜੀਤ ਸ਼ਰਮਾ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡੇਅਰੀ ਧੰਦੇ ਦੀ ਆਰਥਿਕਤਾ, ਦੁੱਧ ਦੇ ਸੁਚੱਜੇ ਮੰਡੀਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਸਿਖਲਾਈ ਕੋਰਸ ਦੌਰਾਨ ਵੱਖ-ਵੱਖ ਸਾਇੰਸਦਾਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਸਿਖਿਆਰਥੀਆਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਪ੍ਰੇਰਿਤ ਕੀਤਾ।