ਕਪੂਰਥਲਾ, 3 ਮਾਰਚ (ਪੰਜਾਬੀ ਖਬਰਨਾਮਾ): ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਾਇਆ ਤਿੰਨ ਰੋਜ਼ਾ ‘ਕਪੂਰਥਲਾ ਹੈਰੀਟੇਜ ਫੈਸਟੀਵਲ’ ਅੱਜ ਦੇਰ ਰਾਤ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ।

ਪ੍ਰਸਿੱਧ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਵੱਲੋਂ ਲੋਕ ਗੀਤਾਂ ਦੀ ਲਾਈ ਛਹਿਬਰ ਹਾਜ਼ਰੀਨ ਨੂੰ ਕੀਲਦਿਆਂ ਵਿਰਾਸਤੀ ਮੇਲੇ ਨੂੰ ਸਿਖਰ ‘ਤੇ ਲੈ ਗਈ । ਸੈਨਿਕ ਸਕੂਲ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੇ ਵਿਰਾਸਤੀ ਮੇਲੇ ਦਾ ਭਰਵਾਂ ਆਨੰਦ ਮਾਣਿਆ। ਇਸ ਵਿਰਾਸਤੀ ਮੇਲੇ ਦੇ ਤਿੰਨੇ ਦਿਨ ਲੋਕਾਂ ਨੇ ਸੂਬੇ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਵੱਖ-ਵੱਖ ਵੰਨਗੀਆਂ ਦੀ ਸ਼ਲਾਘਾ ਕੀਤੀ।

ਐਤਵਾਰ ਨੂੰ ਮੇਲੇ ਦੇ ਆਖਰੀ ਦਿਨ ਮਿਮਕਰੀ, ਮਾਈਮ, ਮੈਸ਼ ਅਪ, ਕਵੀ ਦਰਬਾਰ, ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਰਾਹੀਂ ਦਰਸ਼ਕਾਂ ਨੂੰ ਪੰਜਾਬੀ ਵਿਰਸੇ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਇਆ ਗਿਆ। ਪ੍ਰਸਿੱਧ ਕੱਵਾਲ ਕਰਾਮਤ ਫਕੀਰ ਨੇ ਕੱਵਾਲੀਆਂ ਨਾਲ ਵਿਰਾਸਤੀ ਮੇਲੇ ਨੂੰ ਸੂਫ਼ੀ ਰੰਗ ਵਿਚ ਰੰਗ ਦਿੱਤਾ ।
ਪੰਜਾਬ ਦਾ ਲੋਕ ਨਾਂਵ ਗਿੱਧੇ/ਭੰਗੜੇ ਦੀ ਪੇਸ਼ਕਾਰੀ ਮੇਲੇ ਦਾ ਅਖੀਰ ਹੋ ਨਿਬੜੀ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵਿਰਾਸਤੀ ਮੇਲੇ ਵਿੱਚ ਭਰਵੀਂ ਸ਼ਮੂਲੀਅਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੇਲੇ ਦੌਰਾਨ ਲੋਕਾਂ ਨੂੰ ਪੰਜਾਬ ਦੇ ਲੋਕ ਨਾਚਾਂ, ਲੋਕ ਗੀਤਾਂ, ਲੋਕ ਸਾਜ਼ਾਂ, ਸੂਫੀ ਗਾਇਕੀ, ਕੱਵਾਲੀਆਂ, ਕਵੀ ਦਰਬਾਰ, ਗਜ਼ਲਾਂ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੇ ਨੇੜਿਓਂ ਰੂ-ਬਰੂ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ/ਸਮਾਗਮ ਲੋਕਾਂ ਖਾਸਕਰ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕਰਨ ਵਿੱਚ ਸੰਜੀਦਾ ਭੂਮਿਕਾ ਨਿਭਾਉਂਦੇ ਹਨ।

ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਸ਼ੁਰੂ ਹੋਏ ਕਪੂਰਥਲਾ ਹੈਰੀਟੇਜ ਫੈਸਟੀਵਲ ਦੌਰਾਨ ਪੰਜਾਬ ਦੀ ਸੁਨਹਿਰੀ ਵਿਰਾਸਤ ਤੇ ਸੱਭਿਆਚਾਰ ਦੀ ਝਲਕ ਪੇਸ਼ ਕਰਨ ਤੋਂ ਇਲਾਵਾ ਵੱਖ-ਵੱਖ ਕਲਾਕ੍ਰਿਤੀਆਂ, ਖਾਣ-ਪੀਣ ਦੇ ਸਟਾਲ, ਪ੍ਰਦਰਸ਼ਨੀਆਂ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

ਐਤਵਾਰ ਨੂੰ ਵਿਰਾਸਤੀ ਮੇਲੇ ‘ਚ ਜੀ. ਐਨ.ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ, ਵਾਇਸ ਆਫ਼ਿਸ ਸੋਲ ਗਰੁੱਪ ਨੇ ਕਲਾਸੀਕਲ ਸੰਗੀਤ ਦੀ ਪੇਸ਼ਕਾਰੀ, ਪੰਜਾਬ ਸਰਬ-ਕਲਾ ਅਕਾਦਮੀ ਫਿਲੌਰ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਕੀਤੀ। ਸਟੇਜ ਸੰਚਾਲਨ ਸ਼ਹਿਬਾਜ ਖਾਨ ਤੇ ਮੁਨੱਜਾ ਇਰਸ਼ਾਦ ਨੇ ਕੀਤਾ। ਇਸੇ ਤਰ੍ਹਾਂ ਪੰਜਾਬ ਸਰਬ-ਕਲਾ ਅਕਾਦਮੀ ਵੱਲੋਂ ਗਿੱਧਾ ਤੇ ਭੰਗੜਾ, ਅੰਮ੍ਰਿਤਸਰ ਤੋਂ ਆਏ ਰੁਕਸਾਰ ਨੇ ਸੂਫ਼ੀ ਕਲਾਮ, ਅਧਿਆਪਕਾਂ ਵੱਲੋਂ ਲੋਕ ਗੀਤ, ਏ. ਐਸ. ਆਈ. ਬਲਵਿੰਦਰ ਸਿੰਘ ਨੇ ਲੋਕ ਗੀਤ, ਬੱਚੀ ਹਰਸਹਿਜ ਨੇ ਡਾਂਸ, ਬੱਚੇ ਨਿਕੁੰਜ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਵੀਆਂ ਨੇ ਕਵੀ ਦਰਬਾਰ ਦੌਰਾਨ ਸਮਾਜਿਕ ਸਰੋਕਾਰਾਂ ਅਤੇ ਸੂਬੇ ਤੇ ਦੇਸ਼ ਦੀ ਤਰੱਕੀ ਬਾਬਤ ਕਵਿਤਾਵਾਂ ਪੇਸ਼ ਕੀਤੀਆਂ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ, ਗੁਰਸ਼ਰਨ ਸਿੰਘ ਕਪੂਰ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਪਾਲ ਸਿੰਘ ਇੰਡੀਅਨ, ਮੈਂਬਰ ਪੰਜਾਬ ਸਾਇੰਸ-ਤਕਨਾਲੋਜੀ ਕੌਂਸਲ ਕੰਵਰ ਇਕਬਾਲ ਸਿੰਘ, ਐਡਵੋਕੇਟ ਹਰਸਿਮਰਨ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।