ਜਲੰਧਰ, 25 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਡਿਵੀਜ਼ਨ ਨੰਬਰ-7 ਜਲੰਧਰ ਦੀ ਪੁਲਿਸ ਟੀਮ ਨੇ ਮੋਰ ਸੁਪਰ ਮਾਰਕੀਟ ਸਟੋਰ, ਅਰਬਨ ਅਸਟੇਟ ਫੇਸ-2 ਦੇ ਸਾਹਮਣੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਵਿਚੋਂ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮੁਕੱਦਮਾ ਨੰਬਰ 113 ਮਿਤੀ 19.08.2025, ਧਾਰਾ 109, 3(5) BNS ਅਤੇ 25/27/54/59 Arms Act ਵਾਧਾ ਜੁਰਮ 118(1)(2) BNS ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਵਿੱਖੇ ਬਰਬਿਆਨ ਡਾ. ਰਾਹੁਲ ਸੂਦ ਵਾਸੀ ਜਲੰਧਰ ਹਾਈਟਸ-2, ਜਲੰਧਰ ਦਰਜ ਕੀਤਾ ਗਿਆ, ਜੋ ਕਿ ਕਿਡਨੀ ਹਸਪਤਾਲ ਜਲੰਧਰ ਵਿਖੇ ਡਾਕਟਰ ਹੈ।

ਪੀੜਤ ਨੇ ਦੱਸਿਆ ਕਿ ਮਿਤੀ 19.08.2025 ਨੂੰ ਮੋਰ ਸੁਪਰ ਮਾਰਕੀਟ ਸਟੋਰ ਦੇ ਸਾਹਮਣੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਉਸ ‘ਤੇ ਗੋਲੀਬਾਰੀ ਕੀਤੀ ਗਈ।

ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਪੀ. ਜਲੰਧਰ ਵਲੋਂ ਇੱਕ ਟੀਮ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿਲੋਂ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਜੇਯੰਤ ਪੁਰੀ,

ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ, ਏ.ਡੀ.ਸੀ.ਪੀ. ਪਰਮਜੀਤ ਸਿੰਘ ਅਤੇ ਏ.ਸੀ.ਪੀ. ਰੂਪਦੀਪ ਕੌਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬਲਜਿੰਦਰ ਸਿੰਘ ਅਤੇ ਸੀ.ਆਈ.ਏ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ ਸੀਆਈਏ ਸਟਾਫ ਦੀਆਂ ਟੀਮਾ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਸੀਸੀਟੀਵੀ ਕੈਮਰਿਆਂ, ਤਕਨੀਕੀ ਸਹਾਇਤਾ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ। ਇਹਨਾਂ ਵਿਚੋਂ ਇਕ ਦੋਸ਼ੀ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ, ਹਾਲ ਵਾਸੀ ਮਕਾਨ ਨੰਬਰ 236, ਰਾਮ ਸਿੰਘ ਦਾ ਵਿਹੜਾ, ਇੰਡਸਟਰੀ ਏਰੀਆ, ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਨੂੰ ਮਿਤੀ 24.08.2025 ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ, ਜਲੰਧਰ ਵਿਖੇ ਪੇਸ਼ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬਾਕੀ ਬਚੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦੀ ਕੀਤੀ ਜਾ ਸਕੇ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਜੋ ਵੀ ਵਿਅਕਤੀ ਸ਼ਹਿਰ ਵਿੱਚ ਲਾਅ ਐਂਡ ਆਰਡਰ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੰਖੇਪ:
ਜਲੰਧਰ ਦੇ ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ ‘ਤੇ ਗੋਲੀ ਚਲਾਉਣ ਦੇ ਮਾਮਲੇ ’ਚ ਇੱਕ ਦੋਸ਼ੀ ਅਯੋਧਿਆ ਤੋਂ ਗ੍ਰਿਫ਼ਤਾਰ, ਹੋਰ ਦੋਸ਼ੀਆਂ ਦੀ ਭਾਲ ਜਾਰੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।