ਨਵੀਂ ਦਿੱਲੀ 04 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਅਤੇ ਨੇਪਾਲ ਵਿਚਾਲੇ ਵਪਾਰਕ ਰਿਸ਼ਤੇ ਸ਼ੁਰੂਆਤ ਤੋਂ ਹੀ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਖੁੱਲ੍ਹੀ ਸਰਹੱਦ ਵੀ ਹੈ। ਪਰ ਸਮੇਂ-ਸਮੇਂ ‘ਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵੀ ਦੇਖਿਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਭੂਗੋਲਿਕ ਵਿਵਾਦ ਅਤੇ ₹100 ਤੋਂ ਵੱਧ ਦੇ ਸਾਮਾਨ ‘ਤੇ ਭਾਰੀ ਡਿਊਟੀ ਲਗਾਉਣ ਦੇ ਮੁੱਦੇ ਨੇ ਫਿਰ ਜ਼ੋਰ ਫੜਿਆ ਸੀ। ਫਿਲਹਾਲ ਬਾਲੇਨ ਸਰਕਾਰ ਆਉਣ ਤੋਂ ਬਾਅਦ ਹੁਣ ਭਾਰਤੀਆਂ ਦੀ ਬਦੌਲਤ ਨੇਪਾਲ ਨੂੰ ਚੰਗਾ ਫ਼ਾਇਦਾ ਹੋਣ ਦੀ ਖ਼ਬਰ ਆਈ ਹੈ।
ਭਾਰਤੀਆਂ ਨੇ ਕਰਵਾਈ ਨੇਪਾਲ ਦੀ ਮੌਜ
ਨੇਪਾਲ ਦੀ ਆਰਥਿਕ ਮੰਦੀ ਦੇ ਦੌਰ ਵਿੱਚ ਭਾਰਤੀਆਂ ਨੇ ਸੰਜੀਵਨੀ ਦਾ ਕੰਮ ਕੀਤਾ ਹੈ। ਸਿਆਸੀ ਉਤਾਰ-ਚੜ੍ਹਾਅ ਵਿਚਕਾਰ ਭਾਰਤੀ ਸੈਲਾਨੀਆਂ ਨੇ ਰਿਕਾਰਡ ਗਿਣਤੀ ਵਿੱਚ ਨੇਪਾਲ ਦੀ ਯਾਤਰਾ ਕੀਤੀ ਹੈ। ਨੇਪਾਲੀ ਮੀਡੀਆ ਨੇ ਆਪਣੇ ਸੈਰ-ਸਪਾਟਾ ਬੋਰਡ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਮਈ ਦੇ ਮਹੀਨੇ ਵਿੱਚ ਹਵਾਈ ਰਸਤੇ ਰਾਹੀਂ 40,782 ਭਾਰਤੀ ਸੈਲਾਨੀ ਉੱਥੇ ਪਹੁੰਚੇ, ਜੋ ਕਿ ਹੁਣ ਤੱਕ ਦਾ ਇੱਕ ਰਿਕਾਰਡ ਹੈ। ਇਹ ਅੰਕੜਾ ਪਿਛਲੇ ਸਾਲ ਦੇ ਮਈ ਮਹੀਨੇ ਦੀ ਤੁਲਨਾ ਵਿੱਚ 32.66 ਫ਼ੀਸਦੀ ਵੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨੇਪਾਲ ਦੇ ਸੈਰ-ਸਪਾਟਾ ਖੇਤਰ ਲਈ ਇੱਕ ਹਾਂਪੱਖੀ ਬਦਲਾਅ ਹੈ।
ਤੇਜ਼ੀ ਨਾਲ ਵਧ ਰਹੇ ਹਨ ਭਾਰਤੀ ਸੈਲਾਨੀ
ਰਿਪੋਰਟਾਂ ਮੁਤਾਬਕ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸੈਰ-ਸਪਾਟਾ ਬਾਜ਼ਾਰਾਂ ਵਿੱਚੋਂ ਇੱਕ ਬਣਦਾ ਜਾ ਰਿਹਾ ਹੈ, ਜਿੱਥੇ ਸਾਲਾਨਾ ਔਸਤਨ 3 ਕਰੋੜ ਤੋਂ ਵੱਧ ਭਾਰਤੀ ਵਿਦੇਸ਼ਾਂ ਦੀ ਯਾਤਰਾ ਕਰਦੇ ਹਨ। ਨੇਪਾਲ ਵਿੱਚ ਸੈਰ-ਸਪਾਟਾ ਕਾਰੋਬਾਰੀ ਅਤੇ ਨੀਤੀ ਘਾੜੇ ਮੰਨਦੇ ਹਨ ਕਿ ਇਸ ਵਧਦੇ ਬਾਜ਼ਾਰ ਵਿੱਚ ਨੇਪਾਲ ਦੀ ਹਿੱਸੇਦਾਰੀ ਵਿੱਚ ਥੋੜ੍ਹਾ ਜਿਹਾ ਵਾਧਾ ਹੋਣ ਨਾਲ ਵੀ ਵੱਡਾ ਆਰਥਿਕ ਲਾਭ ਹੋ ਸਕਦਾ ਹੈ।
ਨੇਪਾਲ ਨੇ ਭਾਰਤੀ ਕਰੰਸੀ ਤੋਂ ਹਟਾਈ ਪਾਬੰਦੀ
ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤੀ ਯਾਤਰੀਆਂ ਲਈ ਨੇਪਾਲ ਜਾਣਾ ਹੋਰ ਵੀ ਸੁਵਿਧਾਜਨਕ ਹੋ ਗਿਆ ਹੈ। ਨੇਪਾਲ ਨੇ ਹਾਲ ਹੀ ਵਿੱਚ ਭਾਰਤੀ ਕਰੰਸੀ ‘ਤੇ ਲੱਗੀ ਪਿਛਲੇ ਇੱਕ ਦਹਾਕੇ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਪੂਰੇ ਦੇਸ਼ ਵਿੱਚ ਡਿਜੀਟਲ ਪੇਮੈਂਟ ਅਤੇ QR-ਕੋਡ ਰਾਹੀਂ ਲੈਣ-ਦੇਣ ਸਵੀਕਾਰ ਕੀਤਾ ਜਾਂਦਾ ਹੈ, ਜਿਸ ਦੀ ਬਦੌਲਤ ਭਾਰਤੀਆਂ ਦੀ ਯਾਤਰਾ ਬਹੁਤ ਆਸਾਨ ਹੋ ਗਈ ਹੈ।
ਪੀਐਮ ਮੋਦੀ ਦੀ ਅਪੀਲ ਦਾ ਅਸਰ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਯਾਤਰਾਵਾਂ ਘੱਟ ਕਰਨ ਅਤੇ ਵਿਦੇਸ਼ੀ ਮੁਦਰਾ ਦੇ ਬਹਾਅ ਨੂੰ ਰੋਕਣ ਦੀ ਅਪੀਲ ਕੀਤੀ ਹੈ। ਸੈਰ-ਸਪਾਟਾ ਖੇਤਰ ਦੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੇਪਾਲ ਵਿੱਚ ਭਾਰਤੀ ਕਰੰਸੀ ਦੇ ਲੈਣ-ਦੇਣ ਵਿੱਚ ਆਸਾਨੀ ਅਤੇ ਸੁਵਿਧਾਜਨਕ ਯਾਤਰਾ ਦੇ ਚੱਲਦਿਆਂ ਭਾਰਤੀ ਸੈਲਾਨੀਆਂ ਨੇ ਨੇਪਾਲ ਦਾ ਰੁਖ਼ ਕੀਤਾ ਹੈ।
