ਗੁਰਦਾਸਪੁਰ, 17 ਮਾਰਚ (ਪੰਜਾਬੀ ਖ਼ਬਰਨਾਮਾ):ਮਿਤੀ 16 ਮਾਰਚ 2024 ਨੂੰ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਦੀ ਪ੍ਰੀਕ੍ਰਿਆ ਸ਼ੁਰੂ ਹੋ ਚੁੱਕੀ ਹੈ। ਚੋਣਾਂ ਦੌਰਾਨ ਲੜਾਈ-ਝਗੜੇ ਦੇ ਅੰਦੇਸ਼ੇ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਅਤੇ ਜ਼ਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਹੁਕਮ ਕੀਤਾ ਹੈ ਕਿ ਉਹ ਆਪਣੇ ਲਾਇਸੈਂਸੀ ਹਥਿਆਰ ਮਿਤੀ 5 ਅਪ੍ਰੈਲ 2024 ਤੱਕ ਆਪਣੇ ਨੇੜਲੇ ਪੁਲਿਸ ਸਟੇਸ਼ਨ ਜਾਂ ਮਨਜ਼ੂਰਸ਼ੁਦਾ ਅਸਲਾ ਡੀਲਰ ਪਾਸ ਜਮਾਂ ਕਰਾਉਣੇ ਯਕੀਨੀ ਬਣਾਉਣਗੇ।

ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਇੱਕ ਤਰਫ਼ਾ ਪਾਸ ਕਰਕੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਿਤ ਕੀਤਾ ਗਿਆ ਹੈ। ਇਹ ਹੁਕਮ ਚੋਣਾਂ ਦੀ ਪ੍ਰੀਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹਿਣਗੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।