ਸ੍ਰੀ ਅਨੰਦਪੁਰ ਸਾਹਿਬ, 26 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਵੱਖ ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀ ਟੀਮ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਹਾਈਪਰਟੈਨਸ਼ਨ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕਰਨ ਦਾ ਸਿਲਸਿਲਾ ਜਾਰੀ ਹੈ। ਜਿੱਥੇ ਟੀਮ ਵੱਲੋਂ ਪੇਂਡੂ ਖੇਤਰਾਂ ਵਿਚ ਗੈਰ ਸੰਚਾਰੀ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਉੱਥੇ ਹੀ ਸਕੂਲਾਂ ਵਿਚ ਹਾਈਪਰਟੈਨਸ਼ਨ ਸਬੰਧੀ ਜਾਗਰੂਕਤਾ ਲਈ ਨਾਅਰਾ ਲੇਖਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਦੇ ਸਿਵਲ ਸਰਜਨ ਡਾ. ਸਵਪਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਈਪਰਟੈਨਸ਼ਨ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫ਼ੈਲਾਉਣ ਦੇ ਉਦੇਸ਼ ਨਾਲ 17 ਮਈ ਤੋਂ ਵਿਸ਼ਵ ਹਾਈਪਰਟੈਨਸ਼ਨ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ ਵੱਖ ਗਤੀਵਿਧੀਆਂ ਰਾਹੀਂ ਹਰ ਵਰਗ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਕਰਵਾਏ ਗਏ ਨਾਅਰਾ ਲੇਖਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਇਸ ਦਾ ਇੱਕ ਹਿੱਸਾ ਹਨ। ਇਹਨਾਂ ਦਾ ਉਦੇਸ਼ ਬੱਚਿਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਖੇਡ-ਖੇਡ ਵਿਚ ਸਿਹਤ ਸੰਬੰਧੀ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੈ। ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ 150 ਦੇ ਕਰੀਬ ਵਿਦਿਆਰਥੀਆਂ ਨੇ ਹਾਈਪਰਟੈਨਸ਼ਨ ਸਬੰਧੀ ਨਾਅਰਾ ਲੇਖਨ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ।
ਇਸ ਮੌਕੇ ਆਯੁਸ਼ਮਾਨ ਅਰੋਗਿਆ ਕੇਂਦਰ ਮਹਿਲਵਾਂ, ਗੰਗੂਵਾਲ, ਬੱਢਲ, ਦੋਲੋਵਾਲ, ਅਗੰਮਪੁਰ, ਭਨਾਮ, ਕਲਸੇੜਾ, ਨਿੱਕੂ ਨੰਗਲ, ਮੋਜੋਵਾਲ ਅਤੇ ਲੰਮਲੈਹੜੀ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਭੋਜਨ ਵਿਚ ਨਮਕ ਦੇ ਘੱਟ ਇਸਤੇਮਾਲ ਤੋਂ ਇਲਾਵਾ ਸੈਰ, ਕਸਰਤ ਅਤੇ ਯੋਗਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਵਿਸ਼ਵ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ ਤਹਿਤ ਇਸ ਹਫ਼ਤੇ ਜਨਤਕ ਥਾਂਵਾਂ ਜਿਵੇਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਭਾਸ਼ਣ ਰਾਹੀਂ ਉਹਨਾਂ ਨੂੰ ਉੱਚ ਰਕਤ ਦਬਾਅ (ਹਾਈਪਰਟੈਨਸ਼ਨ) ਦੇ ਲੱਛਣਾਂ ਅਤੇ ਇਸ ਨੂੰ ਕਾਬੂ ਵਿਚ ਰੱਖਣ ਬਾਰੇ ਜਾਗਰੂਕ ਕੀਤਾ ਜਾਵੇਗਾ।
ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਨਾਅਰਾ ਲੇਖਨ ਮੁਕਾਬਲੇ ਕਰਵਾਉਣ ਵਾਲੀ ਟੀਮ ਵਿਚ ਸੀ.ਐੱਚ.ਓ ਅਰਵਿੰਦ ਕੌਰ, ਰਾਣੋ, ਮਨਪ੍ਰੀਤ ਕੌਰ, ਪੂਜਾ, ਭਵਪ੍ਰੀਤ ਕੌਰ, ਰਵਨੀਤ ਕੌਰ, ਬਬਨੀਤ, ਪੂਨਮ, ਮਨਪ੍ਰੀਤ, ਅਨੂਪ੍ਰੀਤ ਅਤੇ ਮਲਟੀਪਰਪਜ਼ ਹੈਲਥ ਵਰਕਰ ਸੰਜੀਵ ਕੁਮਾਰ, ਰਜਿੰਦਰ ਸਿੰਘ, ਨਵਜੀਤ ਸੰਧੂ ਅਤੇ ਸ਼ਿਵ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਸ਼ਾਮਲ ਸਨ।