29 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ): Punjab Electricity Bill: ਪੰਜਾਬ ‘ਚ ਬਿਜਲੀ ਸਸਤੀ ਹੋਈ ਹੈ। ਪੰਜਾਬ ਵਿਚ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਨਵੀਂਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਇਸ ਵਾਰ ਤਿੰਨ ਸਲੈਬ ਤੋਂ ਘਟਾ ਕੇ ਦੋ ਕਰ ਦਿੱਤੀਆਂ ਗਈਆਂ ਹਨ।
ਇਹ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਇਸ ਵਿਚ ਸਾਰੇ ਵਰਗਾਂ ਲਈ ਦਰਾਂ ਦੀਆਂ ਸਲੈਬਾਂ ਤਿੰਨ ਤੋਂ ਘਟਾ ਦੇ ਦੋ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਘਰੇਲੂ ਖਪਤਕਾਰਾਂ ਲਈ 0 ਤੋਂ 100, 101 ਤੋਂ 300 ਤੱਕ ਅਤੇ 300 ਤੋਂ ਉਪਰ ਉਤੇ ਆਧਾਰਿਤ ਤਿੰਨ ਸਲੈਬਾਂ ਸਨ। ਪਰ ਹੁਣ 0 ਤੋਂ 300 ਅਤੇ 300 ਤੋਂ ਉਪਰ ਦੋ ਹੀ ਸਲੈਬਾਂ ਹੋਣਗੀਆਂ। ਇਸੇ ਤਰ੍ਹਾਂ ਇਕ ਹੋਰ ਵਰਗ ਵਿਚ ਵੀ ਹੁਣ 0 ਤੋਂ 500 ਅਤੇ 500 ਤੋਂ ਉਪਰ ਦੋ ਹੀ ਸਲੈਬਾਂ ਹੋਣਗੀਆਂ।
ਕਮਿਸ਼ਨ ਵੱਲੋਂ ਐਲਾਨੀ ਨਵੀਂ ਸਲੈਬ ਤਹਿਤ ਦੋ ਕਿਲੋਵਾਟ ਬਿਜਲੀ ਲੋਡ ਵਾਲੇ ਮੀਟਰਾਂ ਵਾਲੇ ਖਪਤਕਾਰਾਂ ਨੂੰ 300 ਯੂਨਿਟਾਂ ਤੱਕ 5.30 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਉੱਪਰ ਪ੍ਰਤੀ ਯੂਨਿਟ 7.75 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਫਿਕਸ ਚਾਰਜਿਜ਼ 160 ਰੁਪਏ ਮਹੀਨਾ ਹੋਵੇਗਾ। ਇਸੇ ਤਰ੍ਹਾਂ ਘਰੇਲੂ ਵਰਗ ਦੇ 2 ਤੋਂ 7 ਕਿਲੋਵਾਟ ਤੱਕ ਵਾਲੇ ਬਿਜਲੀ ਲੋਡ ਅਧੀਨ ਆਉਂਦੇ ਖਪਤਕਾਰਾਂ ਨੂੰ ਹੁਣ 300 ਯੂਨਿਟਾਂ ਤੱਕ ਪ੍ਰਤੀ ਯੂਨਿਟ 5.72 ਰੁਪਏ ਅਤੇ 300 ਤੋਂ ਉਪਰ 7.75 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾਇਗੀ ਕਰਨੀ ਹੋਵੇਗੀ।
ਫਿਕਸ ਚਾਰਜਿਜ਼ 90 ਰੁਪਏ ਮਹੀਨਾ ਹੋਣਗੇ। ਇਸੇ ਤਰ੍ਹਾਂ 7 ਤੋਂ 20 ਕਿਲੋਵਾਟ ਤੱਕ ਦੇ ਬਿਜਲੀ ਲੋਡ ਤਹਿਤ 0 ਤੋਂ 300 ਯੂਨਿਟ ਤੱਕ 6.44 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਉਪਰ ਪ੍ਰਤੀ ਯੂਨਿਟ 7.75 ਰੁਪਏ ਅਦਾ ਕਰਨੇ ਹੋਣਗੇ। ਪਹਿਲਾਂ ਨਾਲੋਂ ਫਿਕਸ ਚਾਰਜਿਜ਼ 32 ਰੁਪਏ ਘੱਟ ਦੇਣੇ ਹੋਣਗੇ। ਗੈਰ ਘਰੇਲੂ ਖੇਤਰਾਂ ਜਿਵੇਂ ਦੁਕਾਨ ਅਤੇ ਸਕੂਲ ਆਦਿ ਦੇ 500 ਕਿਲੋਵਾਟ ਬਿਜਲੀ ਲੋਡ ਲਈ ਹੁਣ 500 ਯੂਨਿਟਾਂ ਤੱਕ 6.89 ਰੁਪਏ ਅਤੇ 500 ਤੋਂ ਉਪਰ ਯੂਨਿਟਾਂ ਲਈ 7.75 ਰੁਪਏ ਪ੍ਰਤੀ ਯੂਨਿਟ ਅਦਾਇਗੀ ਕਰਨੀ ਪਵੇਗੀ।
ਨਵੇਂ ਟੈਰਿਫ ਵਿਚ ਬਿਜਲੀ ਉਪਭੋਗਤਾਵਾਂ ਉਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਹੈ, ਸਗੋਂ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਉਦਾਹਰਨ ਦੇ ਤੌਰ ਉਤੇ ਜਿਨ੍ਹਾਂ ਦੋ ਕਿੱਲੋ ਵਾਟ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ, ਉਨ੍ਹਾਂ ਦਾ ਹੁਣ 1620 ਰੁਪਏ ਬਿੱਲ ਆਏਗਾ। ਜਦਕਿ ਦੋ ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿਜਲੀ ਬਿੱਲ ਆਉਂਦਾ ਸੀ ਉਨ੍ਹਾਂ ਦਾ ਹੁਣ 1716 ਰੁਪਏ ਆਏਗਾ। ਇਸੇ ਤਰ੍ਹਾਂ 7 ਕਿੱਲੋ ਵਾਟ ਤੋਂ 20 ਕਿੱਲੋ ਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ, ਉਨ੍ਹਾਂ ਦਾ ਹੁਣ 1932 ਆਏਗਾ।
ਸੰਖੇਪ:- ਪੰਜਾਬ ਵਿੱਚ ਨਵੇਂ ਬਿਜਲੀ ਟੈਰਿਫ ਨਾਲ ਬਿਜਲੀ ਦੀਆਂ ਕੀਮਤਾਂ ਘਟੀਆਂ, 1 ਅਪ੍ਰੈਲ ਤੋਂ ਨਵੀਆਂ ਸਲੈਬਾਂ ਲਾਗੂ ਹੋਣਗੀਆਂ।