ਸ਼੍ਰੀ ਅਨੰਦਪੁਰ ਸਾਹਿਬ, 21 ਮਾਰਚ(ਪੰਜਾਬੀ ਖ਼ਬਰਨਾਮਾ ) :ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜ਼ਾ ਹੋਲਾ ਮਹੱਲਾ ਵਿਰਾਸਤੀ ਓਲੰਪਿਕਸ ਸ੍ਰੀ ਅਨੰਦਪੁਰ ਸਾਹਿਬ-2024 ਇੱਥੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਚ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਆਰੰਭਤਾ ਕੀਤੀ ਗਈ।
ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।
ਹੋਲਾ ਮਹੱਲਾ ਵਿਰਾਸਤੀ ਓਲੰਪਿਕਸ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਮਿਸ਼ਾਲ ਜਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਖੇਡਾਂ ਕਰਵਾਉਣ ਦਾ ਉਦੇਸ਼ ਪੰਜਾਬ ਦੇ ਅਮੀਰ ਵਿਰਸੇ ਨੂੰ ਨੌਜਵਾਨਾਂ ਦੇ ਦਿਲਾਂ ਵਿਚ ਉਤਾਰਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਮੁੱਚੇ ਸਮਾਗਮ ਵਿੱਚ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਢਾਡੀ ਅਤੇ ਕਵੀਸ਼ਰੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਨੌਜਵਾਨਾਂ ਦੇ ਦਸਤਾਰ ਬੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਜੇਤੂ ਖ਼ਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਵਿਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗੱਤਕਾ, ਤੀਰ ਅੰਦਾਜ਼ੀ (ਆਰਚਰੀ) ਦੇ ਮੁਕਾਬਲੇ ਕਰਵਾਏ ਗਏ। ਇਸ ਉਪਰੰਤ ਜੇਤੂ ਨੌਜਵਾਨਾਂ/ ਖਿਡਾਰੀਆਂ ਦਾ ਵਿਸੇਸ਼ ਤੌਰ ਉਤੇ ਸਨਮਾਨ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਵੰਡੇ ਗਏ।
ਇਸੇ ਮੌਕੇ ਹਾਜ਼ਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਵਿਚ ਸ਼ਾਮਿਲ ਹੋਣ ਲਈ ਲਗਭਗ 200 ਤੋਂ ਵੱਧ ਨੌਜਵਾਨ ਲੜਕੇ/ਲੜਕੀਆਂ ਭਾਗ ਲੈ ਰਹੀਆਂ ਹਨ।
ਸ. ਗਰੇਵਾਲ ਨੇ ਦੱਸਿਆ ਕਿ ਇਹਨਾਂ ਵਿਰਾਸਤੀ ਖੇਡਾਂ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਸਤਰ ਕਲਾ ਦੇ ਮੁਕਾਬਲਿਆਂ ਦੌਰਾਨ ਵੱਖ-ਵੱਖ ਟੀਮਾਂ ਵਲੋਂ ਜੰਗ ਕਲਾ ਦੇ ਜੌਹਰ ਦਿਖਾ ਕੇ ਸਰੋਤਿਆਂ ਸਾਹਮਣੇ ਰੌਂਗਟੇ ਖੜੇ ਕਰਨ ਵਾਲੇ ਦ੍ਰਿਸ਼ ਪੇਸ਼ ਕੀਤੇ। ਇਸੇ ਦੌਰਾਨ ਗੱਤਕਾ ਸੋਟੀ-ਫੱਰੀ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਗਏ।
ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਤੇ ਸੀਮਾ ਜੱਸਲ ਨੇ ਬਾਖੂਬੀ ਨਿਭਾਈ। ਦਸਤਾਰ ਬੰਦੀ ਮੁਕਾਬਲੇ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਗਏ।
ਇਸ ਮੌਕੇ ਐਸ ਐਸ ਪੀ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਐਸ.ਪੀ.ਐਚ ਰਾਜਪਾਲ ਸਿੰਘ ਹੁੰਦਲ, ਐਸ.ਡੀ.ਐਮ ਰਾਜਪਾਲ ਸਿੰਘ ਸੇਖੋ, ਮੁੱਖ ਮੰਤਰੀ ਫੀਲਡ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਸਹਾਇਕ ਮੇਲਾ ਅਫਸਰ, ਐੱਸ.ਡੀ.ਐੱਮ ਨੰਗਲ ਅਨਮਜੋਤ ਕੌਰ, ਆਰ.ਟੀ.ਏ ਕਮ ਐਸ.ਡੀ.ਐਮ ਮੋਰਿੰਡਾ ਗੁਰਵਿੰਦਰ ਸਿੰਘ ਜੌਹਲ, ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ, ਐਕਸੀਅਨ ਹਰਜੀਤਪਾਲ ਸਿੰਘ, ਡੀ.ਐਸ.ਓ ਰੁਪੇਸ਼ ਕੁਮਾਰ, ਡੀ.ਐਸ.ਓ ਕੁਲਦੀਪ ਸਿੰਘ, ਡੀਡੀਪੀਓ ਅਮਰਿੰਦਰਪਾਲ ਸਿੰਘ, ਬੀ.ਡੀ.ਪੀ.ਓ ਅਮਿਤ ਕੁਮਾਰ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਹਰਕਿਰਤ ਸਿੰਘ, ਪ੍ਰਿੰ.ਰੁਚੀ ਗਰੋਵਰ, ਸੀਮਾ ਜੱਸਲ, ਭੰਗੜਾ ਕੋਚ ਦੀਦਾਰ ਸਿੰਘ, ਐਨ.ਸੀ.ਸੀ ਅਫਸਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਸਕੂਲ ਮੁਖੀ, ਵੱਖ-ਵੱਖ ਵਿਭਾਗਾ ਦੇ ਅਧਿਕਾਰੀ,ਕਰਮਚਾਰੀ ਤੇ ਵਿਦਿਆਰਥੀ ਵੀ ਹਾਜ਼ਰ ਸਨ।