ਲੁਧਿਆਣਾ, 06 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸਾਲ 2021 ਦੌਰਾਨ ਏਟੀਐਮ ਮਸ਼ੀਨਾਂ ਨਾਲ ਤਕਨੀਕੀ ਛੇੜਛਾੜ ਕਰ ਕੇ ਵੱਡੇ ਪੱਧਰ ‘ਤੇ ਧੋਖਾਧੜੀ ਕਰਨ ਵਾਲੇ ਗਿਰੋਹ ਖਿਲਾਫ ਹੁਣ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਲੱਗੀਆਂ ਕਰੀਬ 119 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਮੁਲਜ਼ਮਾਂ ਨੇ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਕੀਤੀ ਸੀ।

ਇਸ ਹਾਈ-ਟੈੱਕ ਲੁੱਟ ਦੇ ਮਾਮਲੇ ‘ਚ ਹੁਣ ਸੈਸ਼ਨ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਸਾਈਬਰ ਕਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸਟੇਟ ਬੈਂਕ ਆਫ ਇੰਡੀਆ ਦੀ ਟ੍ਰੇਜ਼ਰੀ ਬ੍ਰਾਂਚ ਦੇ ਮੈਨੇਜਰ ਅਵਿਨਾਸ਼ ਕੁਮਾਰ ਵੱਲੋਂ ਦਿੱਤੀ ਅਰਜ਼ੀ ਵਿੱਚ ਦੱਸਿਆ ਗਿਆ ਹੈ ਕਿ ਠੱਗੀ ਦੀ ਇਹ ਖੇਡ ਸਾਲ 2021 ਵਿੱਚ ਖੇਡੀ ਗਈ ।

ਅਰਜ਼ੀ ਮੁਤਾਬਕ ਸ਼ਾਤਿਰ ਠੱਗਾਂ ਨੇ ਲੁਧਿਆਣਾ ਦੀ ਕਾਨੂੰਨ-ਵਿਵਸਥਾ ਨੂੰ ਟਿਚ ਜਾਣਦੇ ਹੋਏ ਇੱਕ ਤੋਂ ਬਾਅਦ ਇੱਕ ਕੁੱਲ 119 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨਾਲ ਤਕਨੀਕੀ ਛੇੜਛਾੜ ਕਰਕੇ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਕਾਰਨ ਬੈਂਕਾਂ ਅਤੇ ਖਾਤਾਧਾਰਕਾਂ ਨੂੰ ਭਾਰੀ ਆਰਥਿਕ ਨੁਕਸਾਨ ਝਲਣਾ ਪਿਆ। ਉਸ ਵੇਲੇ ਇਹ ਮਾਮਲਾ ਹੱਲ ਨਹੀਂ ਹੋ ਸਕਿਆ ਸੀ।ਪਰ ਹੁਣ ਲੁਧਿਆਣਾ ਸੈਸ਼ਨ ਕੋਰਟ ਦੇ ਦਖਲ ਅਤੇ ਮਾਣਯੋਗ ਜੱਜ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਮੁੜ ਸ਼ੁਰੂ ਕਰ ਦਿੱਤੀ ਹੈ।

ਬੈਂਕ ਅਧਿਕਾਰੀਆਂ ਦੇ ਮੁਤਾਬਕ ਇਹ ਕਿਸੇ ਵੱਡੇ ਅੰਤਰਰਾਜੀ ਗਿਰੋਹ ਦੀ ਕਾਰਵਾਈ ਹੋ ਸਕਦੀ ਹੈ, ਜੋ ਏਟੀਐਮ ਮਸ਼ੀਨਾਂ ਦੀ ਤਕਨੀਕੀ ਖਾਮੀਆਂ ਦਾ ਫਾਇਦਾ ਚੁੱਕ ਕੇ ਪੈਸੇ ਉਡਾਉਂਦਾ ਸੀ। ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਪੁਲਿਸ ਪੁਰਾਣੇ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਜਿਸ ਦੇ ਜਰੀਏ ਅਣਪਛਾਤੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾ ਸਕੇਗਾ।

ਇੱਕੋ ਸਮੇਂ 119 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੰਖੇਪ:-
ਲੁਧਿਆਣਾ ਵਿੱਚ 2021 ਦੌਰਾਨ 119 ਏਟੀਐਮ ਮਸ਼ੀਨਾਂ ਨਾਲ ਤਕਨੀਕੀ ਛੇੜਛਾੜ ਕਰਕੇ ਕਰੋੜਾਂ ਦੀ ਠੱਗੀ ਕਰਨ ਵਾਲੇ ਅਣਪਛਾਤੇ ਗਿਰੋਹ ਖ਼ਿਲਾਫ ਸੈਸ਼ਨ ਕੋਰਟ ਦੇ ਹੁਕਮਾਂ ਬਾਅਦ ਸਾਈਬਰ ਕਰਾਈਮ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।