20 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਪਰੈਲ ਦੇ ਸ਼ੁਰੂ ਵਿੱਚ ਪਏ ਮੀਂਹ ਤੇ ਗੜਿਆਂ ਤੋਂ ਬਾਅਦ ਹੁਣ ਗਰਮੀ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਵਾਢੀ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਅੱਜ ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਤੋਂ 23 ਅਪਰੈਲ ਤੱਕ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਵੇਰਵਿਆਂ ਮੁਤਾਬਕ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਤਿੱਖੀ ਧੁੱਪ ਨਿਕਲੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 40 ਡਿਗਰੀ, ਪਟਿਆਲਾ ਵਿੱਚ 40.5 ਅਤੇ ਹੋਰਨਾਂ ਸ਼ਹਿਰਾਂ ਦਾ ਤਾਪਮਾਨ ਕਰੀਬ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਦਾ ਤਾਪਮਾਨ 39.3, ਅੰਮ੍ਰਿਤਸਰ ਦਾ 35.3, ਪਠਾਨਕੋਟ ਦਾ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਬਿਜਲੀ ਦੀ ਮੰਗ 9500 ਮੈਗਾਵਾਟ ਤੋਂ ਟੱਪੀ
ਪੰਜਾਬ ਵਿੱਚ ਗਰਮੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 9500 ਮੈਗਾਵਾਟ ਤੋਂ ਟੱਪ ਗਈ ਹੈ। ਮੰਗ ਵਧਣ ਦੇ ਨਾਲ ਹੀ ਬਿਜਲੀ ਵਿਭਾਗ ਨੇ ਭਵਿੱਖ ਵਿੱਚ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਸਾਲ 2025 ਵਿੱਚ ਅੱਜ ਦੇ ਦਿਨ ਬਿਜਲੀ ਦੀ ਮੰਗ 8800 ਮੈਗਾਵਾਟ ਸੀ ਤੇ ਸਾਲ 2024 ਵਿੱਚ 9000 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਸੀ।
