ਚੰਡੀਗੜ੍ਹ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਉਨ੍ਹਾਂ ਦੀ ਪੈਰੋਲ ਪਟੀਸ਼ਨ ’ਤੇ ਬੁੱਧਵਾਰ ਨੂੰ ਵੀ ਸੁਣਵਾਈ ਨਹੀਂ ਹੋ ਸਕੀ। ਵਕੀਲਾਂ ਦੀ ਹੜਤਾਲ ਕਾਰਨ ਅਦਾਲਤ ਨੇ ਪਟੀਸ਼ਨ ਦੀ ਸੁਣਵਾਈ 18 ਦਸੰਬਰ ਲਈ ਮੁਲਤਵੀ ਕਰ ਦਿੱਤੀ ਹੈ। ਸੰਸਦ ਦਾ ਸਰਦ ਰੁੱਤ ਇਜਲਾਸ 19 ਦਸੰਬਰ ਨੂੰ ਖ਼ਤਮ ਹੋਣਾ ਹੈ। ਇਸ ਕਾਰਨ ਅੰਮ੍ਰਿਤਪਾਲ ਦੇ ਕੋਲ ਹੁਣ ਸਿਰਫ਼ ਇਕ ਦਿਨ ਦਾ ਹੀ ਸਮਾਂ ਬਾਕੀ ਬਚਦਾ ਹੈ। ਚੀਫ ਜਸਟਿਸ ਸ਼ੀਲ ਨਾਗੂ ਨੇ ਇਸ ਕੇਸ ’ਚ ਪੇਸ਼ ਹੋਣ ਵਾਲੇ ਵਕੀਲਾਂ ਨੂੰ ਘੱਟੋ-ਘੱਟ ਚਾਰ ਵਾਰ ਬੁਲਾਇਆ, ਪਰ ਕੋਈ ਵੀ ਵਕੀਲ ਮੌਜੂਦ ਨਹੀਂ ਹੋਇਆ। ਇਸ ’ਤੇ ਚੀਫ ਜਸਟਿਸ ਨੇ ਟਿੱਪਣੀ ਕੀਤੀ ਕਿ ਜੇ ਇਸੇ ਤਰ੍ਹਾਂ ਸੁਣਵਾਈ ਟਲ਼ਦੀ ਰਹੀ ਤਾਂ ਪਟੀਸ਼ਨ ਬੇਅਸਰ ਵੀ ਹੋ ਸਕਦੀ ਹੈ। ਬੈਂਚ ਨੇ ਰਿਕਾਰਡ ’ਤੇ ਇਹ ਵੀ ਲਿਆ ਕਿ ਸੂਬਾ ਸਰਕਾਰ ਵੱਲੋਂ ਇਸ ਮਾਮਲੇ ’ਚ ਪਹਿਲਾਂ ਹੀ ਵਿਸਥਾਰਤ ਬਹਿਸ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦਾ ਸਖ਼ਤ ਵਿਰੋਧ ਕਰਦੇ ਹੋਏ ਲਗਪਗ ਦੋ ਦਿਨਾਂ ਤੱਕ ਆਪਣੀਆਂ ਦਲੀਲਾਂ ਰੱਖੀਆਂ ਸਨ। ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਅਪ੍ਰੈਲ 2023 ਤੋਂ ਹਿਰਾਸਤ ’ਚ ਲਏ ਗਏ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਨੇ 16 ਦਸੰਬਰ ਨੂੰ ਪੱਖ ਰੱਖਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਨਿਰੰਤਰ ਨਜ਼ਰਬੰਦੀ ਕਾਰਨ ਉਨ੍ਹਾਂ ਦੇ ਸੰਸਦੀ ਖੇਤਰ ਦਾ ਪੂਰਾ ਕੰਮ ਠੱਪ ਪਿਆ ਹੈ।
