drug awareness

ਫਾਜਿਲਕਾ, 28 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਦੀ ਯੋਗ ਅਗਵਾਈ ਵਿਚ ਜਿਲ੍ਹੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ  ਸ਼ੇਖਰ ਕੱਕੜ ਦੀ ਯੋਗ ਅਗਵਾਈ ਵਿਚ ਡਾ. ਕਵਿਤਾ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਮਹੇਸ਼ ਕੁਮਾਰ ਨੋਡਲ ਅਫ਼ਸਰ ਦੀ ਦੇਖ ਰੇਖ ਵਿੱਚ ਬੀ  ਡੀ.ਪੀ. ਓ  ਦਫਤਰ ਅਰਨੀਵਾਲਾ ਵਿਖੇ ਨਵੀਆਂ ਪੰਚਾਇਤਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕਤਾ ਸਮਾਗਮ ਕੀਤਾ ਗਿਆ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਲਾਕ ਮਾਸ  ਮੀਡੀਆ ਇੰਚਾਰ ਦਿਵੇਸ਼ ਕੁਮਾਰ  ਅਤੇ  ਕੌਂਸਲਰ  ਨਿਸ਼ਾਨ  ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਫਾਜਿਲਕਾ ਵੱਲੋਂ ਸਿਵਲ ਹਸਪਤਾਲ ਫਾਜਿਲਕਾ ਅਤੇ ਅਬੋਹਰ ਵਿਖੇ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਬਿਨਾ ਤਕਲੀਫ ਤੋਂ ਬਿਲਕੁਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ। ਇੰਨ੍ਹਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਸਾਰੀਆਂ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ। ਕੋਈ ਵੀ ਨਸ਼ਾ ਪੀੜਤ ਵਿਅਕਤੀ 5 ਤੋਂ 15 ਦਿਨ ਤੱਕ ਇੱਥੇ ਦਾਖਲ ਹੋਣ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਲੈ ਕੇ ਘਰ ਵਿਚ ਰਹਿ ਕੇ ਨਸ਼ਾ ਛੱਡ ਸਕਦਾ ਹੈ ਜਾਂ ਉਹ ਵਿਅਕਤੀ ਪੁਨਰਵਾਸ ਕੇਂਦਰ ਜੱਟਵਾਲੀ ਵਿਖੇ ਦਾਖਲ ਹੋ ਸਕਦਾ ਹੈ, ਜਿੱਥੇ ਕੇ ਉਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਨਾਲ ਖਾਣਾ ਵੀ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ ਅਤੇ 2 ਤੋਂ 6 ਮਹੀਨੇ ਤੱਕ ਵਿਅਕਤੀ ਇੱਥੇ ਰਹਿ ਸਕਦਾ ਹੈ, ਜਿੱਥੇ ਕੇ ਮਾਹਿਰ ਕੋਂਸਲਰਾਂ ਵਲੋਂ ਉਨ੍ਹਾਂ ਦੀ ਰੋਜਾਨਾ ਕਾਊਂਲੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਨਸ਼ਾ ਨਾ ਕਰਨ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਨਸ਼ਾ ਰੋਗੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਿਰ ਡਾਕਟਰ ਦੀ ਸਹਾਇਤਾ ਨਾਲ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਵੀ ਨਸ਼ਾ ਕਰਦਾ ਹੋਵੇ, ਬਿਨਾਂ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਹਸਪਤਾਲਾਂ ਵਿਚ ਦਾਖਲ ਹੋ ਕੇ ਨਸ਼ਾ ਨਹੀਂ ਛੱਡ ਸਕਦੇ ਉਨ੍ਹਾਂ ਲਈ ਪੰਜਾਬ ਸਰਕਾਰ ਵਲੋਂ ਜਿਲ੍ਹੇ ਵਿਚ 9 ਓਟ ਸੈਂਟਰ ਚੱਲ ਰਹੇ ਹਨ ਜਿੱਥੇ ਕੇ ਨਸ਼ਾ ਪੀੜਤ ਵਿਅਕਤੀਆਂ ਨੂੰ ਬਿਨਾਂ ਦਾਖਲ ਕੀਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਉਹਨਾਂ  ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਉਹਨਾਂ ਦੀ ਸੁਸਾਇਟੀ ਅਤੇ ਦੋਸਤੀ ਦਾ ਪੂਰਨ ਧਿਆਨ ਰੱਖਣ, ਉਹਨਾਂ ਦੇ ਸਕੂਲ ਅਧਿਆਪਿਕਾਂ ਤੋਂ ਪੁੱਛ ਗਿੱਛ ਕਰਨ ਲਈ ਕਿਹਾ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੋ। ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲਿਸ ਜਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕਰੋ।  ਇਸ ਮੌਕੇ ਸੰਦੀਪ ਕੌਰ ਸਰਪੰਚ, ਅਤੇ  ਮੈਂਬਰ  ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।