ਗੁਰਦਾਸਪੁਰ 8 ਮਾਰਚ 2024 (ਪੰਜਾਬੀ ਖ਼ਬਰਨਾਮਾ) : ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਮੈਡਮ ਪ੍ਰੀਤ ਦਵਿੰਦਰ ਕੌਰ ਦੀ ਅਗਵਾਈ ਅਧੀਨ ਸਰੀਰਕ ਸਿੱਖਿਆ ਵਿਭਾਗ ਨੇ 54 ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਅਤੇ ਇਸਦਾ ਮੋਟੋ ‘ਨਿਸ਼ਚੇ ਕਰ ਆਪਣੀ ਜੀਤ ਕਰੋ’ ਰੱਖਿਆ ਗਿਆ। ਇਸ ਖੇਡ ਸਮਾਰੋਹ ਵਿੱਚ ਪ੍ਰਿੰਸੀਪਲ ਸ੍ਰੀਮਤੀ ਪ੍ਰੀਤ ਦਵਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਰੀਰਕ ਸਿੱਖਿਆ ਵਿਭਾਗ ਦੁਆਰਾ ਸਵਾਗਤੀ ਪੁਸ਼ਪ ਭੇਟ ਕਰਕੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਗਿਆ।ਪ੍ਰੋ. ਡਾ. ਉਪਮਾ ਭਗਤ ਦੁਆਰਾ ਮੁੱਖ ਮਹਿਮਾਨ ਨੂੰ ਬੈਂਚ ਲਗਾਇਆ ਗਿਆ ਅਤੇ ਪ੍ਰੋ. ਰਾਜ ਕੌਰ ਦੁਆਰਾ ਪ੍ਰੋਗਰਾਮ ਫਾਈਲ ਦਿੱਤੀ ਗਈ। ਸ਼ਬਦ ਗਾਇਨ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਅਤੇ ਕਾਲਜ ਦੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ। ਲਵਪ੍ਰੀਤ ਸਿੰਘ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ। ਪ੍ਰੋ. ਬਲਜੀਤ ਸਿੰਘ ਨੇ ਮੁੱਖ ਮਹਿਮਾਨ ਨਾਲ ਗੁਬਾਰੇ ਉਡਾ ਕੇ ਖੇਡ ਸਮਾਰੋਹ ਦੀ ਉਦਘਾਟਨੀ ਰਸਮ ਕੀਤੀ। ਇਸ ਮੌਕੇ ਕੁੜੀਆਂ ਅਤੇ ਮੁੰਡਿਆ ਦੀ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 5,000 ਮੀਟਰ, 10,000 ਮੀਟਰ, ਸ਼ਾਟਪੁੱਟ, ਡਿਸਕਸ ਥਰੋ, ਜੈਵਲਿਨ ਥਰੋ, ਲੋਗ ਜੰਪ, 4-100 ਰੀਲੇਅ ਦੌੜ ਅਤੇ 4400 ਰੀਲੇਅ ਦੌੜ ਕਰਵਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਸਟਾਫ ਦੀਆਂ ਕੁਝ ਰੀਕਰੇਸ਼ਨਲ ਗਤੀਵਿਧੀਆਂ ਜਿਵੇਂ ਕਿ ਮਿਊਜੀਕਲ ਚੇਅਰ ਰੇਸ, ਲੈਮਨ ਸਪੂਨ ਰੇਸ, ਸੈਕ ਰੇਸ, ਸਿਟਿੰਗ ਰੇਸ ਆਦਿ ਕਰਵਾਈਆਂ ਗਈਆਂ। ਮੁੱਖ ਮਹਿਮਾਨ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਇਸ ਸਲਾਨਾ ਖੇਡ ਸਮਾਰੋਹ ਵਿੱਚ ਨਵਦੀਪ ਕੌਰ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਅਤੇ ਅਨੁਰਾਗ ਸ਼ਰਮਾ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਨੇ ਬੈਸਟ ਐਥਲੀਟ ਦਾ ਖਿਤਾਬ ਹਾਸਲ ਕੀਤਾ। ਅਖੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਹਨਾਂ ਦੱਸਿਆ ਕਿ ਖੇਡਾਂ ਇੱਕ ਅਜਿਹਾ ਸਾਧਨ ਹਨ ਜਿਸ ਦੇ ਦੁਆਰਾ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਬੁਰੀਆਂ ਆਦਤਾਂ ਤੋਂ ਬਚ ਸਕਦੇ ਹਾਂ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਖੇਡ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।