ਬਰਨਾਲਾ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ (ਟ੍ਰੇਨ ਨੰਬਰ 26461/26462) ਦੇ ਬਰਨਾਲੇ ਵਿਚ ਰੁਕਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮੰਗ ਰਾਜ ਸਭਾ ਮੈਂਬਰ ਪਦਮ ਸ੍ਰੀ ਡਾ. ਰਾਜਿੰਦਰ ਗੁਪਤਾ ਨੇ ਕੇਂਦਰੀ ਰੇਲਵੇ, ਸੂਚਨਾ ਤੇ ਪ੍ਰਸਾਰਣ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨਾਲ ਹਾਲ ਹੀ ਵਿਚ ਹੋਈ ਮੁਲਾਕਾਤ ਵਿਚ ਕੀਤੀ ਸੀ। ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੰਸਦ ਮੈਂਬਰ ਗੁਪਤਾ ਦੀ ਰੇਲ ਮੰਤਰੀ ਨਾਲ ਪਹਿਲੀ ਰਸਮੀ ਮੁਲਾਕਾਤ ਸੀ, ਜਿਸ ਵਿਚ ਉਨ੍ਹਾਂ ਨੇ ਬਰਨਾਲਾ ਵਿਚ ਵੰਦੇ ਭਾਰਤ ਐਕਸਪ੍ਰੈਸ ਦੇ ਰੁਕਣ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਜ਼ੋਰਦਾਰ ਢੰਗ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਹ ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਨਾਗਰਿਕਾਂ, ਕਾਰੋਬਾਰੀਆਂ ਤੇ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ। ਰੇਲਵੇ ਮੰਤਰਾਲੇ ਨੇ ਬਰਨਾਲਾ ਦੇ ਵੱਧ ਰਹੀ ਵਿਤੀ ਤੇ ਸਮਾਜਕ ਅਹਿਮੀਅਤ ਨੂੰ ਮਾਨਤਾ ਦਿੱਤੀ ਹੈ। ਇਸ ਫੈਸਲੇ ਨਾਲ ਬਰਨਾਲਾ, ਸੰਗਰੂਰ, ਬਠਿੰਡਾ ਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ, ਜੋ ਲੰਬੇ ਸਮੇਂ ਤੋਂ ਬਿਹਤਰ ਰੇਲ ਸਹੂਲਤਾਂ ਦੀ ਉਡੀਕ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਵੰਦੇ ਭਾਰਤ ਐਕਸਪ੍ਰੈੱਸ ਦੇ ਬਰਨਾਲਾ ਵਿਚ ਰੁਕਣ ਦੀ ਮੰਗ ਦਾ ਸਮਰਥਨ ਕੀਤਾ। ਸੰਸਦ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਇਸ ਫੈਸਲੇ ਲਈ ਰੇਲ ਮੰਤਰੀ ਤੇ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਨਵੀਂ ਦਿੱਲੀ ਵਿਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਦੌਰਾਨ ਮੰਗ ਕੀਤੀ ਸੀ ਕਿ ਨਵੀਂ ਦਿੱਲੀ ਤੋਂ ਫ਼ਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲ-ਗੱਡੀ ਦਾ ਠਹਿਰਾਅ (ਸਟਾਪੇਜ) ਬਰਨਾਲਾ ਵਿਚ ਵੀ ਕੀਤਾ ਜਾਵੇ। ਅਕਤੂਬਰ ਮਹੀਨੇ ਸੰਸਦ ਮੈਂਬਰ ਮੀਤ ਹੇਅਰ ਨੇ ਨਵੀਂ ਦਿੱਲੀ ਵਿਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਇਸ ਸਬੰਧੀ ਮੁਲਾਕਾਤ ਕੀਤੀ ਸੀ। ਹੇਅਰ ਨੇ ਦੱਸਿਆ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਬਰਨਾਲਾ ਰੇਲਵੇ ਸਟੇਸ਼ਨ ‘ਤੇ ਗੱਡੀ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਹੁਣ ਇਸ ‘ਤੇ ਅਮਲ ਕਰ ਲਿਆ ਗਿਆ ਹੈ।

ਸੰਖੇਪ:

ਕੇਂਦਰ ਸਰਕਾਰ ਨੇ ਫ਼ਿਰੋਜ਼ਪੁਰ ਕੈਂਟ–ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਬਰਨਾਲਾ ਵਿੱਚ ਠਹਿਰਾਅ ਦੇਣ ਦਾ ਫੈਸਲਾ ਕੀਤਾ, ਜਿਸ ਨਾਲ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੇਲ ਸਹੂਲਤ ਮਿਲੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।