22 ਅਗਸਤ 2024 : ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਦਾ ਦੌਰਾ ਅਗਲੇ ਹਫ਼ਤੇ ਤੋਂ ਕੀਤਾ ਜਾਵੇਗਾ। ਇਹ ਮੁੱਖ ਮੰਤਰੀ ਦੀ ਹਾਲੀਆ ਦਿਨਾਂ ਵਿਚ ਦੂਜੀ ਫੇਰੀ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ 27 ਜੁਲਾਈ ਨੂੰ ਪਿੰਡ ਦੋਦਾ ਦਾ ਦੌਰਾ ਕਰਦਿਆਂ ਸੰਭਾਵੀ ਮਾਲਵਾ ਨਹਿਰ ਦਾ ਤਕਨੀਕੀ ਜਾਇਜ਼ਾ ਲਿਆ ਸੀ।
ਐੱਸਡੀਐੱਮ ਮਲੋਟ ਸੰਜੀਵ ਕੁਮਾਰ (ਗਿੱਦੜਬਾਹਾ ਦਾ ਵਾਧੂ ਚਾਰਜ) ਨੇ ਕਿਹਾ ਕਿ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਵਿਚ ‘ਤੀਆਂ ਦਾ ਮੇਲਾ’ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੁੱਖ ਮੰਤਰੀ ਸ਼ਿਰਕਤ ਕਰ ਸਕਦੇ ਹਨ। ਉਨ੍ਹਾਂ ਅੱਜ ਇਸ ਸਬੰਧੀ ਮੀਟਿੰਗ ਕੀਤੀ ਹੈ ਪਰ ਅਗਲੇ ਹਫ਼ਤੇ ਹੋਣ ਵਾਲੇ ਸਮਾਗਮ ਦੀਆਂ ਤਰੀਕਾਂ ਹਾਲੇ ਤੈਅ ਨਹੀਂ ਕੀਤੀਆਂ ਗਈਆਂ ਜਿਸ ਬਾਰੇ ਮੁੱਖ ਮੰਤਰੀ ਦਫ਼ਤਰ ਤੋਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇ ‘ਆਪ’ ਆਗੂ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਵਿੱਚ ਗਿੱਦੜਬਾਹਾ ਆ ਰਹੇ ਹਨ। ਦੱਸਣਾ ਬਣਦਾ ਹੈ ਕਿ ‘ਆਪ’ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ, ਸੁਖਜਿੰਦਰ ਕਾਉਣੀ ਅਤੇ ਸਰਬੰਸ ਸਿੰਘ ਸੰਧੂ ਸਮੇਤ ਕੁਝ ਸਥਾਨਕ ਆਗੂ ਟਿਕਟ ਦੇ ਚਾਹਵਾਨ ਹਨ। ਹਾਲਾਂਕਿ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਕਿਸੇ ਹੋਰ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਸੀਟ ਤਿੰਨ ਵਾਰ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ। ਸ੍ਰੀ ਵੜਿੰਗ ਪਿਛਲੇ ਹਫ਼ਤੇ ਦੋ ਦਿਨ ਗਿੱਦੜਬਾਹਾ ਆਏ ਸਨ ਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਕਈ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪਿਛਲੇ ਹਫ਼ਤੇ ਹਲਕੇ ਵਿੱਚ ਦੋ ਦਿਨ ਬਿਤਾਏ ਸਨ ਅਤੇ ਉਹ ਕੁਝ ਕਾਂਗਰਸੀ ਵਰਕਰਾਂ ਦੇ ਘਰ ਵੀ ਗਏ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤੀਜੇ ਦਿਨ ਹਲਕੇ ਦਾ ਦੌਰਾ ਕੀਤਾ ਅਤੇ ਦੋ ਪਿੰਡਾਂ ਵਿੱਚ 16 ਮੀਟਿੰਗਾਂ ਕੀਤੀਆਂ। ਉਹ ਲਗਾਤਾਰ ਹਲਕੇ ਦਾ ਦੌਰਾ ਕਰ ਰਹੇ ਹਨ ਅਤੇ ਪਾਰਟੀ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨਾਲ ਮਿਲ ਕੇ ਹਰੇਕ ਵਰਕਰ ਨਾਲ ਰਾਬਤਾ ਬਣਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੂਜੇ ਧਰਮਾਂ ਖ਼ਿਲਾਫ਼ ਟਿੱਪਣੀਆਂ ਕਰ ਕੇ ਮਾਹੌਲ ਖਰਾਬ ਕਰ ਰਹੀ ਹੈ ਪਰ ਸਰਕਾਰ ਉਸ ਦੀ ਹਮਾਇਤ ਵਿਚ ਖੜ੍ਹੀ ਹੈ।