fishery advisory

ਮਾਲੇਰਕੋਟਲਾ 25 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਨੇ ਮੱਛੀ ਪਾਲਕਾਂ ਨੂੰ ਹੀਟ ਵੇਵ ਤੋਂ ਮੱਛੀਆਂ ਦੀਆਂ ਬਚਾਅ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ । ਉਹਨਾਂ ਦੱਸਿਆ ਕਿ ਗਰਮੀ ਦੇ ਚਲਦੇ ਜੇਕਰ ਮੱਛੀ ਪਾਣੀ ਵਿੱਚੋਂ ਮੂੰਹ ਬਾਹਰ ਕੱਢ ਕੇ ਸਾਹ ਲੈ ਰਹੀ ਹੈ ਤਾਂ ਇਸਦਾ ਮਤਲਬ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੈ। ਇਸ ਲਈ ਆਕਸੀਜਨ ਦੀ ਪੂਰਤੀ ਲਈ ਤਲਾਅ ਵਿੱਚ ਸਮੇਂ ਸਮੇਂ ਤੇ ਤਾਜਾ ਪਾਣੀ ਛੱਡਿਆ ਜਾਵੇ ਅਤੇ ਲੋੜ ਪੈਣ ਤੇ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਦੀ ਵਰਤੋ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਿਰਧਾਰਿਤ ਮਾਤਰਾ ਤੋਂ ਵੱਧ ਖਾਦ ਅਤੇ ਖੁਰਾਕ ਇਸਤੇਮਾਲ ਨਾ ਕੀਤੀ ਜਾਵੇ ਅਤੇ ਤਲਾਅ ਵਿੱਚ ਮੁਰਗ਼ੀਆਂ ਦੀਆਂ ਬਿੱਠਾਂ ਪਾਉਣ ਤੋਂ ਗੁਰੇਜ਼ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋੜ ਤੋਂ ਵੱਧ ਮੱਛੀ ਪੂੰਗ ਕਲਚਰ ਟੈਂਕ ਵਿੱਚ ਸਟਾਕ ਨਾਂ ਕੀਤਾ ਜਾਵੇ ।

ਉਨ੍ਹਾਂ ਕਿਹਾ ਕਿ ਮੱਛੀ ਪਾਲਕ ਤਲਾਬ ਦੇ ਪਾਣੀ ਦਾ ਘੱਟੋ-ਘੱਟ 5- 6 ਫੁੱਟ ਲੈਵਲ ਬਰਕਰਾਰ ਰੱਖਣ ਅਤੇ ਮੱਛੀ ਪਾਲਣ ਲਈ ਜ਼ਰੂਰੀ ਮਾਪਦੰਡਾਂ ਜਿਸ ਵਿੱਚ ਪੀ-ਐਚ 7.5 –  8.5, ਪਾਣੀ ਦਾ ਰੰਗ – ਹਲਕਾ ਹਰਾ, ਪਾਣੀ ਵਿੱਚ ਘੁਲ੍ਹੀ ਹੋਈ ਆਕਸੀਜਨ- 5 ਪੀ.ਪੀ.ਐਮ ਤੋ ਵੱਧ, ਟੋਟਲ ਆਲਕਲੈਨਿਟੀ – 100-250 ਪੀ.ਪੀ.ਐਮ, ਟੋਟਲ ਹਾਰਡਨੈਸ – 200 ਪੀ.ਪੀ.ਐਮ ਤੋਂ ਘੱਟ ਹੋਵੇ।

ਉਨਾਂ ਕਿਹਾ ਕਿ ਸਮੇਂ ਸਮੇਂ ਸਿਰ ਤਲਾਅ ਦੇ 20- 25 % ਪਾਣੀ ਦੀ ਤਾਜੇ ਪਾਣੀ ਨਾਲ ਅਦਲਾ ਬਦਲੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਤਲਾਅ ਵਿੱਚ ਅਮੋਨੀਆ ਗੈਸ ਦੇ ਅਸਰ ਨੂੰ ਘਟਾਉਣ ਲਈ, ਪਾਣੀ ਦੀ ਏਰੀਏਸ਼ਨ ਦੇ ਨਾਲ-ਨਾਲ ਫਟਕੜੀ ਦੀ ਵਰਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਮੱਛੀ ਪੂੰਗ ਦੀ ਸਟਾਕਿੰਗ ਲਈ ਸਵੇਰੇ ਜਾਂ ਸ਼ਾਮ ਦਾ ਸਮਾਂ ਰੱਖਿਆ ਜਾਣਾ ਚਾਹੀਦਾ ਹੈ ।ਇਸ ਤੋਂ ਇਲਾਵਾ ਜ਼ਿਆਦਾ ਗਰਮੀ ਜਾਂ ਬੱਦਲਵਾਈ ਹੋਣ ਤੇ ਮੱਛੀ ਦੀ ਫੀਡ ਨੂੰ ਤੁਰੰਤ ਬੰਦ ਕੀਤਾ ਜਾਵੇ ।

ਇਸ ਮੌਕੇ ਮੱਛੀ ਪਾਲਣ ਅਫਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਹਰ ਮਹੀਨੇ 5 ਦਿਨਾਂ ਦਾ ਮੁਫਤ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ 18 ਸਾਲ ਤੋਂ ਉੱਪਰ ਕੋਈ ਵੀ ਵਿਅਕਤੀ ਭਾਗ ਲੈ ਕੇ ਮੱਛੀ ਪਾਲਣ ਕਿੱਤੇ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਦਫਤਰ ਦੇ ਮੋਬਾਇਲ ਨੰ. 98556-14842 ਤੇ ਸੰਪਰਕ ਕੀਤਾ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।