Infrastructure Boost

ਜਲਾਲਾਬਾਦ, 25 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਪਹਿਲ ਕਦਮੀ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਤੋਂ ਫਿਰੋਜਪੁਰ ਫੀਡਰ ਦੇ ਵਕਾਰੀ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਇਆ ਹੈ। 647.62 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ ਫਿਰੋਜ਼ਪੁਰ ਫੀਡਰ ਨਹਿਰ ਦਾ ਨਵੀਨੀਕਰਨ ਹੋਣਾ ਹੈ ਅਤੇ ਇਸਦੀ ਪਾਣੀ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦਿੱਤੀ ਹੈ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਹਰੀਕੇ ਤੋਂ ਨਿੱਕਲਣ ਵਾਲੀ ਫਿਰੋਜਪੁਰ ਫੀਡਰ ਦੀ ਰੀਲਾਇਨਿੰਗ ਕੀਤੀ ਜਾਵੇਗੀ ਅਤੇ ਇਸਦੀ ਸਮਰੱਥਾ 11192 ਕਿਉਸਿਕ ਤੋਂ ਵੱਧ ਕੇ 13845 ਕਿਉਸਿਕ ਹੋ ਜਾਵੇਗੀ। ਇਸ ਨਹਿਰ ਦੇ ਬਣਨ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਕੌਮਾਂਤਰੀ ਸਰਹੱਦੀ ਨਾਲ ਲੱਗਦੇ ਇਲਾਕਿਆਂ ਨੂੰ ਕਾਲੇ ਪਾਣੀ ਤੋਂ ਮੁਕਤੀ ਮਿਲੇਗੀ ਉਥੇ ਹੀ ਫਾਜ਼ਿਲਕਾ ਸਮੂਚੇ ਜ਼ਿਲ੍ਹੇ ਦੇ ਨਾਲ ਨਾਲ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੀ ਭਰਪੂਰ ਨਹਿਰੀ ਪਾਣੀ ਮਿਲੇਗਾ।
ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਉਣ ਲਈ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ, ਜਲ ਸ੍ਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਆਰਸੀ ਪਾਟਿਲ ਦਾ ਵੀ ਧੰਨਵਾਦ ਕੀਤਾ ਹੈ।
ਜਿਕਰਯੋਗ ਹੈ ਕਿ ਫਿਰੋਜਪੁਰ ਫੀਡਰ ਨਹਿਰ ਜੋ ਕਿ ਹਰੀਕੇ ਹੈਡਵਰਕਸ ਤੋਂ ਨਿਕਲਦੀ ਹੈ ਵਿਚੋਂ ਮੱਲਾਂਵਾਲਾ ਹੈਡ ਤੋਂ ਸਰਹਿੰਦ ਫੀਡਰ ਤੇ ਫਾਜ਼ਿਲਕਾ ਇਲਾਕੇ ਨੂੰ ਪਾਣੀ ਦੇਣ ਵਾਲੀ ਮੇਨ ਬ੍ਰਾਂਚ ਨਹਿਰ ਨਿਕਲਦੀ ਹੈ। ਸਰਹਿੰਦ ਫੀਡਰ ਨਹਿਰ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਵੱਡੇ ਭੂ-ਭਾਗ ਨੂੰ ਸਿੰਚਾਈ ਤੇ ਪੀਣ ਲਈ ਪਾਣੀ ਮਿਲਦਾ ਹੈ। ਜਦ ਕਿ ਫਿਲਹਾਲ ਫਿਰੋਜਪੁਰ ਫੀਡਰ ਦੀ ਸਮਰੱਥਾ ਘੱਟ ਹੋਣ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਦੀ ਨਹਿਰਾਂ ਵਿਚ ਜੋ ਪਾਣੀ ਪਹੁੰਚਦਾ ਹੈ ਉਹ ਪਹਿਲਾਂ ਹਰੀਕੇ ਤੋਂ ਪਾਕਿਸਤਾਨ ਵਾਲੇ ਪਾਸੇ ਜਾ ਕੇ ਹੁਸੈਨੀਵਾਲਾ ਹੈਡਵਰਕਸ ਤੋਂ ਹੁੰਦਾ ਹੋਇਆ ਲੂਥਰ ਸਿਸਟਮ ਰਾਹੀਂ ਮਿਲਦਾ ਸੀ। ਇਸ ਤਰਾਂ ਪਾਕਿਸਤਾਨ ਵਾਲੇ ਪਾਸੇ ਇਸ ਵਿਚ ਫੈਕਟਰੀਆਂ ਆਦਿ ਦਾ ਗੰਦਾ ਪਾਣੀ ਮਿਲਣ ਨਾਲ ਇਹ ਪ੍ਰਦੁਸਤ ਪਾਣੀ ਸਰਹੱਦੀ ਇਲਾਕੇ ਦੀਆਂ ਨਹਿਰਾਂ ਵਿਚ ਆਉਂਦਾ ਸੀ। ਪਰ ਇਸ ਨਹਿਰ ਦੇ ਬਣਨ ਨਾਲ ਹੁਣ ਇੰਨ੍ਹਾਂ ਸਰਹੱਦੀ ਇਲਾਕਿਆਂ ਨੂੰ ਵੀ ਉਕਤ ਨਹਿਰ ਰਾਹੀਂ ਬਾਲੇਵਾਲਾ ਹੈਂਡ ਤੋਂ ਪਾਣੀ ਮਿਲੇਗਾ ਜਿਸ ਨਾਲ ਸਾਫ ਪਾਣੀ ਨਹਿਰਾਂ ਵਿਚ ਆਵੇਗਾ। ਇਸਤੋਂ ਬਿਨ੍ਹਾਂ ਨਹਿਰ ਦੀ ਸਮਰੱਥਾ ਵੱਧਣ ਨਾਲ ਹੁਣ ਸਾਰੀਆਂ ਨਹਿਰਾਂ ਨੂੰ ਭਰਪੂਰ ਪਾਣੀ ਵੀ ਮਿਲੇਗਾ ਅਤੇ ਟੇਲਾਂ ਤੱਕ ਪਾਣੀ ਪੁੱਜਣ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਾਫ ਪਾਣੀ ਨਾ ਕੇਵਲ ਸਾਡੀਆਂ ਫਸਲਾਂ ਸਗੋਂ ਸਾਡੇ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਸਿੱਧ ਹੋਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।