ਫਾਜਿਲਕਾ, 3 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਪਿੰਡਾਂ ਤੋਂ ਬਾਅਦ ਹੁਣ ਸ਼ਹਿਰ ਦੇ ਵਾਰਡਾਂ ਵਿਚ ਪਹੁੰਚ ਰਹੀ ਹੈ। ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਦੇ ਵਾਰਡ ਨੰ 19 ਤੇ 22 ਵਿਖੇ ਪਹੁੰਚ ਕੇ ਲੋਕਾਂ ਨੂੰ ਮਿਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਉਨਾਂ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਵੀ ਕੀਤਾ| ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤਾਂ ਜੋ ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾ ਸਕੇ।
ਸ੍ਰੀ ਸਵਨਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਲੋਕਾਂ ਦੇ ਨਾਲ ਹੈ, ਲੋਕਾਂ ਨੂੰ ਵੀ ਸਰਕਾਰ ਦੇ ਨਾਲ ਰਹਿ ਕੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਨਸ਼ਾ ਮੁਕਤੀ ਯਾਤਰਾ ਮੁਹਿਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਵਿੱਚ ਸਕਸ਼ਮ ਹੈ ਬਸ ਲੋੜ ਹੈ ਲੋਕਾਂ ਦੇ ਸਾਥ ਦੀ|
ਇਸ ਮੌਕੇ ਵਾਰਡ ਨੰਬਰ 22 ਵਿਖੇ ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦਾ ਖਾਤਮਾ ਕਰਨ ਲਈ ਪੁਲਿਸ ਵਿਭਾਗ ਨਾਲ ਤੇ ਪ੍ਰਸ਼ਾਸਨ ਨਾਲ ਸੂਚਨਾ ਸਾਂਝੀ ਕੀਤੀ ਜਾਵੇ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ| ਉਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ ਕਿਸੇ ਦਾ ਨਾਮ ਵੀ ਉਜਾਗਰ ਨਹੀਂ ਕੀਤਾ ਜਾਵੇਗਾ।