ਚੰਡੀਗੜ੍ਹ, 21 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ)– ਪੰਜਾਬ ਦੇ ਕਿਸਾਨਾਂ ਵੱਲੋਂ ਮੰਗਲਵਾਰ (21 ਜੁਲਾਈ) ਨੂੰ ਅਮਰੀਕਾ-ਭਾਰਤ ਵਿਚਕਾਰ ਟ੍ਰੇਡ ਡੀਲ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਦਿੱਲੀ ਕੂਚ ਹੁਣ ਮੁਲਤਵੀ ਹੋ ਗਿਆ ਹੈ। ਦੁਪਹਿਰ 3 ਵਜੇ ਤੋਂ ਬਾਅਦ ਕਿਸਾਨ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ ।
ਭਾਰਤੀ ਕਿਸਾਨ ਯੂਨੀਅਨਦੇ ਸੂਬਾ ਜਨਰਲ ਸਕੱਤਰ ਦਿਲਬਾਗ ਸਿੰਘ ਹਰੀਕੇ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਅਤੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਵਾਉਣ ਦੀ ਮੰਗ ਸੀ, ਜਿਸ ‘ਤੇ ਦੋਵਾਂ ਮੰਗਾਂ ਬਾਰੇ ਸਹਿਮਤੀ ਬਣ ਗਈ ਹੈ। ਇਸ ਲਈ ਹੁਣ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਕਿਸਾਨ ਸਵੇਰੇ ਹੀ ਦਿੱਲੀ ਦੇ ਕਿਸਾਨ ਘਾਟ ਜਾਣ ਲਈ ਪਟਿਆਲਾ-ਅੰਬਾਲਾ ਵਿਚਕਾਰ ਬਣੇ ਸ਼ੰਭੂ ਬਾਰਡਰ ਅਤੇ ਸੰਗਰੂਰ-ਜੀਂਦ ਵਿਚਕਾਰ ਬਣੇ ਖਨੌਰੀ ਬਾਰਡਰ ‘ਤੇ ਪਹੁੰਚ ਗਏ ਸਨ। ਇਸ ਦਾ ਪਤਾ ਲੱਗਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਬਾਰਡਰਾਂ ‘ਤੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਕਿਸਾਨ ਅੱਗੇ ਨਹੀਂ ਵੱਧ ਸਕੇ। ਹਰਿਆਣਾ ਵਾਲੇ ਪਾਸੇ ਤੋਂ ਦੋਵਾਂ ਬਾਰਡਰਾਂ ‘ਤੇ ਭਾਰੀ ਪੁਲਿਸ ਬਲ ਤੈਨਾਤ ਰਿਹਾ।
