ਨਵੀਂ ਦਿੱਲੀ 20 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ਦਿਲ ਦਾ ਰਸਤਾ ਪੇਟ ‘ਚੋਂ ਦੀ ਜਾਂਦੀ ਹੈ, ਯਾਨੀ ਚੰਗਾ ਭੋਜਨ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ। ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਜੇ ਪੇਟ ਠੀਕ ਨਾ ਹੋਵੇ ਤਾਂ ਮਨ ਵੀ ਖੁਸ਼ ਨਹੀਂ ਰਹਿ ਸਕਦਾ। ਅਸੀਂ ਪੇਟ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਹਾਲ ਹੀ ‘ਚ ਸਾਈਕਲੋਸਪੋਰਾ (Cyclospora) ਨਾਂ ਦੀ ਪੇਟ ਨਾਲ ਜੁੜੀ ਬਿਮਾਰੀ ਲਗਾਤਾਰ ਚਰਚਾ ਵਿਚ ਹੈ।
ਸੰਭਵ ਹੈ ਕਿ ਤੁਸੀਂ ਇਹ ਨਾਮ ਪਹਿਲੀ ਵਾਰ ਸੁਣਿਆ ਹੋਵੇ, ਪਰ ਇਹ ਬਿਮਾਰੀ ਕਾਫ਼ੀ ਹੱਦ ਤਕ ਫੂਡ ਪੌਇਜ਼ਨਿੰਗ ਵਰਗੀ ਹੈ। ਡਾਕਟਰ ਸੌਰਭ ਸੇਠੀ ਨੇ ਸਾਈਕਲੋਸਪੋਰਾ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਕੀ ਹੈ ਸਾਈਕਲੋਸਪੋਰਾ?
ਸਾਈਕਲੋਸਪੋਰਾ ਇਕ ਪਰਜੀਵੀ (Parasite) ਇਨਫੈਕਸ਼ਨ ਹੈ ਜਿਸ ਨੂੰ ਸਾਈਕਲੋਸਪੋਰੀਆਸਿਸ (Cyclosporiasis) ਵੀ ਕਿਹਾ ਜਾਂਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਛੋਟੀ ਅੰਤੜੀ (Small Intestine) ‘ਤੇ ਪੈਂਦਾ ਹੈ।
ਫੂਡ ਪੌਇਜ਼ਨਿੰਗ ਅਤੇ ਸਾਈਕਲੋਸਪੋਰਾ ਦੋਵੇਂ ਹੀ ਦੂਸ਼ਿਤ ਭੋਜਨ ਤੇ ਪਾਣੀ ਰਾਹੀਂ ਫੈਲਦੇ ਹਨ, ਪਰ ਦੋਹਾਂ ਵਿਚ ਮੁੱਖ ਫਰਕ ਇਹ ਹੈ ਕਿ ਫੂਡ ਪੌਇਜ਼ਨਿੰਗ ਬੈਕਟੀਰੀਆ ਜਾਂ ਵਾਇਰਸ ਕਾਰਨ ਹੁੰਦੀ ਹੈ, ਜਦਕਿ ਸਾਈਕਲੋਸਪੋਰਾ ਭੋਜਨ ਜਾਂ ਪਾਣੀ ‘ਚ ਮੌਜੂਦ ਪਰਜੀਵੀਆਂ ਕਾਰਨ ਫੈਲਦਾ ਹੈ।
ਸਾਈਕਲੋਸਪੋਰਾ ਦੇ ਲੱਛਣ
ਇਸ ਬਿਮਾਰੀ ਦੀ ਪਛਾਣ ਹੇਠ ਲਿਖੇ ਲੱਛਣਾਂ ਨਾਲ ਕੀਤੀ ਜਾ ਸਕਦੀ ਹੈ:
- ਥਕਾਵਟ
- ਪੇਟ ਫੁੱਲਣਾ (ਬਲੋਟਿੰਗ)
- ਪਾਚਨ ਕਿਰਿਆ ਦਾ ਖਰਾਬ ਹੋਣਾ
- ਵਜ਼ਨ ਘਟਣਾ
- ਦਸਤ
ਸਾਈਕਲੋਸਪੋਰਾ ਫੈਲਣ ਦਾ ਕਾਰਨ
ਫਿਲਹਾਲ ਇਸ ਬਿਮਾਰੀ ਦੇ ਫੈਲਣ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ, ਪਰ ਮੰਨਿਆ ਜਾ ਰਿਹਾ ਹੈ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਇਸ ਦਾ ਮੁੱਖ ਸਰੋਤ ਹੋ ਸਕਦੀਆਂ ਹਨ। ਪਰਜੀਵੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਇਸ ਦੇ ਲੱਛਣ ਆਮ ਤੌਰ ‘ਤੇ ਇੱਕ ਹਫ਼ਤੇ ਬਾਅਦ ਨਜ਼ਰ ਆਉਂਦੇ ਹਨ।
ਸਾਈਕਲੋਸਪੋਰਾ ਨਾਲ ਜੁੜੀਆਂ ਅਹਿਮ ਗੱਲਾਂ
- ਸਬਜ਼ੀਆਂ ਨੂੰ ਧੋਣ ਤੋਂ ਬਾਅਦ ਵੀ ਇਸ ਦੇ ਪਰਜੀਵੀ ਜ਼ਿੰਦਾ ਰਹਿ ਸਕਦੇ ਹਨ।
- ਪਰਜੀਵੀਆਂ ਨੂੰ ਨਸ਼ਟ ਕਰਨ ਲਈ ਭੋਜਨ ਨੂੰ 70 ਡਿਗਰੀ ਸੈਲਸੀਅਸ ਤਕ ਪਕਾਉਣਾ ਜ਼ਰੂਰੀ ਹੈ।
- ਕਿਉਂਕਿ ਹਰੀਆਂ ਪੱਤੇਦਾਰ ਸਬਜ਼ੀਆਂ ਇਸ ਦੇ ਫੈਲਣ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਸਲਾਦ ਖਾਂਦੇ ਸਮੇਂ ਸਾਵਧਾਨ ਰਹੋ।
- ਸਬਜ਼ੀਆਂ ਖਰੀਦਦੇ ਸਮੇਂ ਉੱਪਰਲੇ 2-3 ਪੱਤੇ ਹਟਾ ਦਿਓ ਤੇ ਚੰਗੀ ਤਰ੍ਹਾਂ ਧੋ ਕੇ ਪਕਾਓ।
- ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਨਹੀਂ ਫੈਲਦੀ।
ਸਾਈਕਲੋਸਪੋਰਾ ਦੀ ਜਾਂਚ ਕਿਵੇਂ ਹੁੰਦੀ ਹੈ?
ਲੰਬੇ ਸਮੇਂ ਤਕ ਰਹਿਣ ਵਾਲੇ ਦਸਤ ਇਸ ਬਿਮਾਰੀ ਦਾ ਸਭ ਤੋਂ ਵੱਡਾ ਸੰਕੇਤ ਹਨ। ਜੇ ਇਹ ਸਮੱਸਿਆ ਜਾਰੀ ਰਹੇ ਤਾਂ ਸਾਈਕਲੋਸਪੋਰਾ PCR ਟੈਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਡਾਕਟਰ ਆਮ ਤੌਰ ‘ਤੇ ਬੈਕਟ੍ਰਿਮ (Bactrim) ਦਵਾਈ 7 ਤੋਂ 10 ਦਿਨਾਂ ਲਈ ਲੈਣ ਦੀ ਸਲਾਹ ਦੇ ਸਕਦੇ ਹਨ।
