ਜਲੰਧਰ, 13 ਮਾਰਚ (ਪੰਜਾਬੀ ਖ਼ਬਰਨਾਮਾ):ਜਲੰਧਰ ਇੰਪਰੂਵਮੈਂਟ ਟਰੱਸਟ, ਜਲੰਧਰ ਵੱਲੋਂ ਆਪਣੀਆਂ ਵੱਖ-ਵੱਖ ਸਕੀਮਾਂ ਵਿੱਚ ਜਾਇਦਾਦਾਂ ਦੀ ਈ-ਆਕਸ਼ਨ 27.03.2024 ਸਵੇਰੇ 9:00 ਵਜੇ ਤੋਂ 29.03.2024 ਸ਼ਾਮ 5:00 ਵਜੇ ਤੱਕ ਰੱਖੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ 1 ਮਾਰਚ 2024 ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 22 ਮਾਰਚ 2024 ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਸਹੂਲਤ ਆਨ-ਲਾਈਨ ਪੋਰਟਲ www.tenderwizard.com/DLGP ’ਤੇ ਉਪਲਬਧ ਹੈ।

ਚੇਅਰਮੈਨ ਨੇ ਅੱਗੇ ਦੱਸਿਆ ਕਿ ਇਸ ਈ-ਆਕਸ਼ਨ ਵਿੱਚ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਜਿਵੇਂ 170 ਏਕੜ (ਸੂਰਿਆ ਇਨਕਲੇਵ) ’ਚ ਕਮਰਸ਼ੀਅਲ ਜਾਇਦਾਦਾਂ 2 ਨਰਸਿੰਗ ਹੋਮ ਸਾਈਟਾਂ, ਇਕ ਪ੍ਰਾਇਮਰੀ ਸਕੂਲ ਸਾਈਟ, 16 ਸ਼ਾਪ ਸਾਈਟ, 8 ਸਟਾਲ ਸਾਈਟ, ਸ਼ਹੀਦ ਰਮਨਦਾਦਾ ਕਮਰਸ਼ੀਅਲ ਕੰਪਲੈਕਸ (3.71 ਏਕੜ) ਵਿੱਚ ਰਿਹਾਇਸ਼ੀ ਜਾਇਦਾਦ ਜਿਵੇਂ ਬਣੇ ਹੋਏ ਬੂਥ ਸਾਈਟ ਜ਼ਮੀਨੀ ਮੰਜ਼ਿਲ (ਕੁੱਲ 5), ਬਣੇ ਹੋਏ ਬੂਥ ਸਾਈਟ ਪਹਿਲੀ ਮੰਜ਼ਿਲ (ਕੁੱਲ 5), ਸ਼ਹੀਦ ਭਗਤ ਸਿੰਘ ਕਲੋਨੀ (26.8 ਏਕੜ) ਵਿੱਚ ਰਿਹਾਇਸ਼ੀ ਜਾਇਦਾਦ ਜਿਵੇਂ 2 ਐਸ.ਸੀ.ਓ. ਸਾਈਟ, ਮਾਸਟਰ ਗੁਰਬੰਤਾ ਸਿੰਘ ਇਨਕਲੇਵ (13.96 ਏਕੜ) ਵਿੱਚ ਰਿਹਾਇਸ਼ੀ ਜਾਇਦਾਦ 26 ਪਲਾਟ, 18 ਬਣੇ ਹੋਏ ਬੂਥ, ਮਹਾਰਾਜਾ ਰਣਜੀਤ ਸਿੰਘ ਐਵੀਨਿਊ (70.5 ਏਕੜ) ਵਿੱਚ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਜਿਵੇਂ 2 ਐਸ.ਸੀ.ਓ., ਇਕ ਨਰਸਿੰਗ ਹੋਮ ਸਾਈਟ, ਇਕ ਓਲਡਏਜ ਹੋਮ ਸਾਈਟ, 5 ਕਿਓਸਕ ਸਾਈਟ, ਕੁੱਲ 7 ਪਲਾਟ ਅਤੇ ਗੁਰੂ ਅਮਰਦਾਸ ਨਗਰ (51.5 ਏਕੜ) ਵਿੱਚ ਇਕ ਰਿਹਾਇਸ਼ੀ ਪਲਾਟ ਵੇਚਣਯੋਗ ਹੈ।

ਉਨ੍ਹਾਂ ਕਿਹਾ ਕਿ ਇਸ ਈ-ਆਕਸ਼ਨ ਤੋਂ ਟਰੱਸਟ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਟਰੱਸਟ ਦੀ ਵਿਕਾਸ ਸਕੀਮ 170 ਏਕੜ (ਸੂਰਿਆ ਇਨਕਲੇਵ) ਅਤੇ 70.5 ਏਕੜ (ਮਹਾਰਾਜਾ ਰਣਜੀਤ ਸਿੰਘ ਐਵੀਨਿਊ) ਵਿੱਚ ਬੀਤੇ ਸਮੇਂ ਦੌਰਾਨ ਪੈਦਾ ਹੋਈ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ, ਜਿਸ ਉਪਰ 1.32 ਕਰੋੜ ਰੁਪਏ ਦਾ ਖਰਚ ਹੋਇਆ ਹੈ।
ਚੇਅਰਮੈਨ ਅੱਗੇ ਦੱਸਿਆ ਕਿ ਟਰੱਸਟ ਵੱਲੋਂ ਵੱਖ-ਵੱਖ ਸਕੀਮਾਂ ਵਿੱਚ ਅਲਾਟ ਕੀਤੇ ਗਏ ਪਲਾਟ, ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਅਲਾਟੀਆਂ ਵੱਲੋਂ ਉਸਾਰੀ ਨਹੀਂ ਕੀਤੀ ਗਈ, ਉਨ੍ਹਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਵਿੱਚ ਅਲਾਟੀਆਂ/ਟਰਾਂਸਫਰੀਆਂ ਤੋਂ ਇਨਹੈਂਸਮੈਂਟ (Enhancement) ਦੀ ਵਸੂਲੀ ਅਤੇ ਨਾ-ਉਸਾਰੀ ਫੀਸਾਂ ਦੀ ਰਿਕਵਰੀ ਵਿੱਚ ਵੀ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਲੋਕ ਖੁਦ ਅਦਾਇਗੀ ਕਰਨ ਲਈ ਸਾਹਮਣੇ ਆ ਰਹੇ ਹਨ ਤਾਂ ਜੋ ਵਾਧੂ ਵਿਆਜ ਦੇਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਅਦਾਰੇ ਨੂੰ ਵਿੱਤੀ ਤੌਰ ’ਤੇ ਮਜ਼ਬੂਤੀ ਮਿਲੇਗੀ ਅਤੇ ਬਕਾਇਆ ਰਕਮ ਦੀ ਰਿਕਵਰੀ ਹੋਵੇਗੀ।

ਸ੍ਰੀ ਸੰਘੇੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਵਿਕਾਸ ਸਕੀਮ 94.97 ਏਕੜ (ਸੂਰਿਆ ਇਨਕਲੇਵ ਐਕਸਟੈਂਸ਼ਨ) ਵਿੱਚ ਰੇਲਵੇ ਵਿਭਾਗ ਦੀ ਸੂਰਿਆ ਇਨਕਲੇਵ ਐਕਸਟੈਂਸ਼ਨ ਵਿੱਚ ਖੁੱਲ੍ਹਣ ਵਾਲੀ ਰੇਲਵੇ ਸਟੇਸ਼ਨ ਦੀ ਸੈਕਿੰਡ ਐਂਟਰੀ ਗੇਟ ਨੂੰ ਧਿਆਨ ਵਿੱਚ ਰਖਦੇ ਹੋਏ ਟਰੱਸਟ ਵੱਲੋਂ 94.97 ਏਕੜ (ਸੂਰਿਆ ਇਨਕਲੇਵ ਐਕਸਟੈਂਸ਼ਨ) ਸਕੀਮ ਵਿੱਚ ਸਬੰਧਤ ਸੜਕ ਨੂੰ 120 ਫੁੱਟ ਚੌੜੀ ਸੜਕ ਨਾਲ ਜੋੜਨ ਲਈ 45 ਫੁੱਟ ਚੌੜੀ ਸੜਕ ਨੂੰ 80 ਫੁੱਟ ਚੌੜਾ ਕਰਨ ਅਤੇ 25 ਐਸ.ਸੀ.ਓ. ਅਤੇ 23 ਬੂਥ/ਦੁਕਾਨਾਂ ਦੀ ਤਜਵੀਜ ਦੀ ਪੀ.ਟੀ.ਆਈ.ਐਕਟ 1922 ਦੀ ਧਾਰਾ 43 ਅਧੀਨ ਨੋਟੀਫਿਕੇਸ਼ਨ ਵੀ ਆਖੀਰਲੇ ਪੜਾਅ ’ਤੇ ਹੈ, ਜੋ ਜਲਦ ਹੀ ਜਾਰੀ ਹੋ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅਲਾਟ ਕੀਤੀਆਂ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾਂ ਦੇ ਨਕਸ਼ੇ, ਜੋ ਹੁਣ ਤੱਕ ਸਿਰਫ਼ ਆਨ-ਲਾਈਨ ਪ੍ਰਕਿਰਿਆ ਰਾਹੀਂ ਪ੍ਰਵਾਨ ਕੀਤੇ ਜਾਂਦੇ ਹਨ, ਉਹ ਹੁਣ ਆਨ-ਲਾਈਨ ਪ੍ਰਕਿਰਿਆ ਤੋਂ ਇਲਾਵਾ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਨਕਸ਼ਾਨਵੀਸ ਵੱਲੋਂ ਜਾਇਦਾਦ ਦੇ ਮਾਲਕ ਦੀ ਸਵੈ ਤਸਦੀਕ ਨਾਲ ਵੀ ਪ੍ਰਵਾਨ ਕੀਤੇ ਜਾਣਗੇ ਅਤੇ ਅਲਾਟੀਆਂ ਵੱਲੋਂ ਸਿਰਫ਼ ਆਪਣੇ ਬਿਨੈਪੱਤਰ ਨਾਲ ਅਲਾਟਮੈਂਟ ਪੱਤਰ ਦੀ ਕਾਪੀ, ਕਿਸ਼ਤਾਂ ਦੀਆਂ ਰਸੀਦਾਂ, ਵਧੀ ਕੀਮਤ ਦੀਆਂ ਰਸੀਦਾਂ ਅਤੇ ਤਾਜ਼ਾ ਨਾ-ਉਸਾਰੀ ਫੀਸ ਦੀਆਂ ਰਸੀਦਾਂ ਆਦਿ ਟਰੱਸਟ ਦੇ ਦਫ਼ਤਰ ਵਿਚੋਂ ਪ੍ਰਾਪਤ ਕੀਤੀਆਂ ਜਾਣੀਆਂ ਹਨ। ਇਹ ਦਸਤਾਵੇਜ਼ ਪ੍ਰਾਪਤ ਕਰਨ ਉਪਰੰਤ ਅਲਾਟੀ ਸਵੈ ਤਸਦੀਕ ਰਾਹੀਂ ਨਕਸ਼ੇ ਪ੍ਰਵਾਨ ਕਰ ਲੈਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।