ਅਮਲੋਹ/ ਫ਼ਤਹਿਗੜ੍ਹ ਸਾਹਿਬ, 12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ” ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਸ਼ਾ ਤਸਕਰਾਂ ਵਿਰੁੱਧ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਕਾਰਵਾਈ ਜਾਰੀ ਹੈ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ ਸ਼ੁਭਮ ਅਗਰਵਾਲ ਦੀ ਮੌਜੂਦਗੀ ਵਿੱਚ ਅਮਲੋਹ ਦੇ ਪਿੰਡ ਘੁੱਲੂਮਾਜਰਾ ਵਿਖੇ ਨਸ਼ਾ ਤਸਕਰ ਦੁਆਰਾ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਮੌਕੇ ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਲਾਮਦੀਨ ਨਾਮ ਦੇ ਨਸ਼ਾ ਤਸਕਰ ਨੇ ਆਪਣੀ ਕਾਲੀ ਕਮਾਈ ਨਾਲ ਘੁੱਲੂਮਾਜਰਾ ਵਿੱਚ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਅਤੇ ਗ੍ਰਾਮ ਪੰਚਾਇਤ ਵੱਲੋਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਅਤੇ ਇਸ ਸਬੰਧੀ ਪੂਰੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਅੱਜ ਇਹ ਕਾਰਵਾਈ ਕਰਕੇ ਮਾੜੇ ਅਨਸਰਾਂ ਨੂੰ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਨਸ਼ਿਆਂ ਦਾ ਕਾਰੋਬਾਰ ਮੁਕੰਮਲ ਤੌਰ ਉੱਤੇ ਛੱਡ ਦੇਣ ਅਤੇ ਭਵਿੱਖ ਵਿੱਚ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕਾ ਅਮਲੋਹ ਅੰਦਰ ਤਿੰਨ ਵਾਰ ਅਤੇ ਹਲਕਾ ਬਸੀ ਪਠਾਣਾ ਵਿਚ ਇਕ ਵਾਰ ਨਸ਼ਾ ਤਸਕਰਾਂ ਦੀਆਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਢਹਿ ਢੇਰੀ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਸਲਾਮਦੀਨ ਨਾਂ ਦੇ ਇਸ ਵਿਅਕਤੀ ਖ਼ਿਲਾਫ 3 ਕੇਸ ਦਰਜ ਹਨ ਅਤੇ ਇਕ ਕੇਸ ਮਈ ਮਹੀਨੇ ਵਿੱਚ ਹੀ ਨਸ਼ਾ ਤਸਕਰੀ ਦਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਜ਼ਮੀਨ ਉਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੋੜਨ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖੀ ਗਈ । ਇਸ ਮੌਕੇ ਬੁਲਡੋਜ਼ਰ ਰਾਹੀਂ ਨਜ਼ਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਸ਼੍ਰੀ ਅਗਰਵਾਲ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ‘ਸੇਫ ਪੰਜਾਬ ਹੈਲਪ ਲਾਈਨ ‘ ਚਲਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਵੀ ਨਾਗਰਿਕ ਕੋਲ, ਕਿਸੇ ਨਸ਼ਾ ਤਸਕਰ ਜਾਂ ਨਸ਼ਾ ਪੀੜਤ ਬਾਰੇ ਪੁਖਤਾ ਜਾਣਕਾਰੀ ਹੈ ਤਾਂ ਉਹ ਹੈਲਪਲਾਈਨ ਉੱਤੇ ਇਸ ਬਾਰੇ ਸੂਚਨਾ ਦੇ ਸਕਦਾ ਹੈ ਜਿਸਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।