ਖੰਨਾ, 12 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼ਹਿਰ ’ਚ ਘਰੇਲੂ ਗੈਸ ਸੰਕਟ ਪਿਛਲੇ ਮਹੀਨੇ ਤੋਂ ਬਣਿਆ ਹੋਇਆ ਹੈ। ਸਿਲੰਡਰ ਬੁੱਕ ਕਰਨ ਤੋਂ ਬਾਅਦ ਖਪਤਕਾਰਾਂ ਨੂੰ 10 ਤੋਂ 15 ਦਿਨ, ਕਈ ਵਾਰ ਇਸ ਤੋਂ ਵੀ ਵੱਧ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦੇਰੀ ਨਾਲ ਹੋਣ ਵਾਲੀਆਂ ਡਿਲੀਵਰੀਆਂ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਰਸੋਈਆਂ ’ਤੇ ਪੈ ਰਿਹਾ ਹੈ।
ਦੂਜੇ ਪਾਸੇ ਸ਼ਹਿਰ ’ਚ ਕਾਲੇ ਬਾਜ਼ਾਰ ’ਚ ਗੈਸ ਭਰਪੂਰ ਮਾਤਰਾ ’ਚ ਵੇਚੀ ਜਾ ਰਹੀ ਹੈ। ਕਾਲੇ ਬਾਜ਼ਾਰ ’ਚ ਗੈਸ ਵੇਚਣ ਵਾਲੇ ਦੁਕਾਨਦਾਰ ਇਸ ਨੂੰ 100 ਤੋਂ 150 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਭਾਅ ’ਤੇ ਦੇ ਰਹੇ ਹਨ ਤੇ ਉਨ੍ਹਾਂ ਕੋਲ ਸਿਲੰਡਰਾਂ ਦੀ ਕੋਈ ਕਮੀ ਨਹੀਂ ਜਾਪਦੀ। ਕਿਉਂਕਿ ਵਿਆਹ ਦੇ ਸੀਜ਼ਨ ਦੌਰਾਨ ਗੈਸ ਸਿਲੰਡਰਾਂ ਦੀ ਮੰਗ ਵਧੀ ਹੈ, ਇਸ ਲਈ ਇਹ ਸਥਿਤੀ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਬਾਜ਼ਾਰ ’ਚ ਨਕਲੀ ਗੈਸ ਸੰਕਟ ਪੈਦਾ ਕਰਕੇ ਕਾਲਾ ਬਾਜ਼ਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਬਾਜ਼ਾਰਾਂ ’ਚ ਹੋਟਲਾਂ ਤੇ ਗਲੀ-ਮੁਹੱਲਿਆਂ ’ਚ ਘਰੇਲੂ ਗੈਸ ਸਿਲੰਡਰਾਂ ਦੀ ਖੁੱਲ੍ਹੀ ਵਰਤੋਂ ਇਸ ਗੈਰ-ਕਾਨੂੰਨੀ ਵਪਾਰ ਦੀ ਪੁਸ਼ਟੀ ਕਰਦੀ ਹੈ, ਜਿੱਥੇ ਆਮ ਖਪਤਕਾਰ ਹਫ਼ਤਿਆਂ ਤੋਂ ਸਿਲੰਡਰਾਂ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਵਪਾਰਕ ਅਦਾਰਿਆਂ ’ਚ ਘਰੇਲੂ ਗੈਸ ਦੀ ਵਰਤੋਂ ਪ੍ਰਸ਼ਾਸਨ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਆਈਐੱਫਐੱਸਓ ਹਰਭਜਨ ਸਿੰਘ ਨੇ ਦੱਸਿਆ ਗੈਸ ਕੰਪਨੀ ਦੀ ਰਿਫਾਇਨਰੀ ’ਚ ਸਫਾਈ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕੁਝ ਸਮੇਂ ਤੋਂ ਸਪਲਾਈ ’ਚ ਵਿਘਨ ਪਿਆ ਹੈ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਿਲੰਡਰ ਖੁੱਲ੍ਹੇਆਮ ਬਲੈਕ ’ਚ ਕਿਵੇਂ ਵੇਚੇ ਜਾ ਰਹੇ ਹਨ ਤੇ ਗਲੀ-ਮੁਹੱਲਿਆਂ ’ਚ ਘਰੇਲੂ ਗੈਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ, ਤਾਂ ਉਨ੍ਹਾਂ ਕਿਹਾ, ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਸਿਲੰਡਰ ਕਿੱਥੇ ਭਰੇ ਜਾ ਰਹੇ ਹਨ, ਅਸੀਂ ਇਸ ਦੀ ਜਾਂਚ ਕਰਾਂਗੇ।
