ਨਵੀਂ ਦਿੱਲੀ 27 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਟੈਸਟ ਕ੍ਰਿਕਟ ‘ਚ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਸਫ਼ਲ ਗੇਂਦਬਾਜ਼ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ‘ਚ ਪੰਜਵੇਂ ਨੰਬਰ ‘ਤੇ ਕਾਬਜ਼ ਨਾਥਨ ਲਾਇਨ ਦੀ ਟੀਮ ‘ਚੋਂ ਛੁੱਟੀ ਹੋਣ ਵਾਲੀ ਹੈ। ਪਿਛਲੇ 15 ਸਾਲਾਂ ਤੋਂ ਆਸਟ੍ਰੇਲੀਆ ਲਈ ਹਰ ਦੇਸ਼ ‘ਚ ਲਗਭਗ ਹਰ ਮੈਚ ਖੇਡਣ ਵਾਲੇ ਲਾਇਨ ਨੂੰ ਚੋਣਕਾਰ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਸੀਰੀਜ਼ ਦੇ ਪਹਿਲੇ ਮੈਚ ‘ਚੋਂ ਬਾਹਰ ਦਾ ਰਸਤਾ ਦਿਖਾ ਸਕਦੇ ਹਨ।

‘ਸਿਡਨੀ ਮਾਰਨਿੰਗ ਹੇਰਾਲਡ’ ਦੀ ਰਿਪੋਰਟ ਮੁਤਾਬਕ, ਚੋਣਕਾਰ ਅਗਲੇ ਮਹੀਨੇ ਹੋਣ ਵਾਲੇ ਟੈਸਟ ਮੈਚ ਲਈ ਸ਼ਨੀਵਾਰ ਨੂੰ ਟੀਮ ਦਾ ਐਲਾਨ ਕਰ ਸਕਦੇ ਹਨ ਅਤੇ ਇਸ ‘ਚ ਲਾਇਨ ਦਾ ਨਾਂ ਸ਼ਾਮਲ ਨਹੀਂ ਹੋ ਸਕਦਾ। ਚੋਣਕਾਰ ਆਪਣੇ ਗੇਂਦਬਾਜ਼ੀ ਦੇ ਵਿਕਲਪਾਂ ਨੂੰ ਪਰਖਣਾ ਚਾਹੁੰਦੇ ਹਨ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਲਾਇਨ ਦੀ ਜਗ੍ਹਾ ਕਿਸ ਖਿਡਾਰੀ ਨੂੰ ਮੌਕਾ ਮਿਲਦਾ ਹੈ।

ਹਾਲੀਆ ਫਾਰਮ ਨੇ ਵਿਗਾੜਿਆ ਮਾਮਲਾ

ਲਾਇਨ ਦਾ ਹਾਲੀਆ ਫਾਰਮ ਕੁਝ ਖ਼ਾਸ ਨਹੀਂ ਰਿਹਾ ਅਤੇ ਇਸੇ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਕਮਜ਼ੋਰ ਹੋਈ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਉਨ੍ਹਾਂ ਨੇ ਸਿਰਫ਼ ਛੇ ਵਿਕਟਾਂ ਲਈਆਂ ਸਨ। ਸਕਾਟ ਬੋਲੈਂਡ ਦੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਕਾਰਨ ਲਾਇਨ ਦੀ ਜਗ੍ਹਾ ‘ਤੇ ਪਹਿਲਾਂ ਹੀ ਸੰਕਟ ਮੰਡਰਾ ਰਿਹਾ ਹੈ। ਟੀਮ ਬੋਲੈਂਡ ਨੂੰ ਨਾਲ ਰੱਖਦਿਆਂ ਪੂਰੇ ਤੇਜ਼ ਗੇਂਦਬਾਜ਼ੀ ਹਮਲੇ ਨਾਲ ਮੈਦਾਨ ‘ਚ ਉਤਰ ਸਕਦੀ ਹੈ।

ਜੇਕਰ ਲਾਇਨ ਟੀਮ ਦੀ ਪਲੇਇੰਗ-11 ਦਾ ਹਿੱਸਾ ਨਹੀਂ ਬਣਦੇ ਤਾਂ ਹਾਲੀਆ ਸਮੇਂ ‘ਚ ਇਹ ਕੋਈ ਨਵੀਂ ਗੱਲ ਨਹੀਂ ਹੋਵੇਗੀ। ਉਨ੍ਹਾਂ ਨੂੰ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੈਸਟ ਮੈਚ ‘ਚ ਨਹੀਂ ਚੁਣਿਆ ਗਿਆ ਸੀ। ਇੰਗਲੈਂਡ ਖ਼ਿਲਾਫ਼ ਐਸ਼ੇਜ਼ ਸੀਰੀਜ਼ ਦੇ ਦੂਜੇ ਟੈਸਟ ਮੈਚ ‘ਚ ਵੀ ਉਨ੍ਹਾਂ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਸੀ।

ਭਾਰਤ ਦੌਰੇ ‘ਤੇ ਨਿਭਾਉਣਗੇ ਵੱਡੀ ਭੂਮਿਕਾ
ਲਾਇਨ ਭਾਵੇਂ ਨਿਊਜ਼ੀਲੈਂਡ ਖ਼ਿਲਾਫ਼ ਟੀਮ ‘ਚ ਜਗ੍ਹਾ ਬਣਾਉਣ ਦੀ ਮਜ਼ਬੂਤ ਸਥਿਤੀ ‘ਚ ਨਾ ਹੋਣ, ਪਰ ਅਗਲੇ ਸਾਲ ਭਾਰਤ ਦੌਰੇ ‘ਤੇ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟਰਾਫੀ ‘ਚ ਉਨ੍ਹਾਂ ਦਾ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। ਉਹ ਭਾਰਤੀ ਧਰਤੀ ‘ਤੇ ਆਪਣੀ ਫਿਰਕੀ ਨਾਲ ਟੀਮ ਦੇ ਮੁੱਖ ਗੇਂਦਬਾਜ਼ ਵਜੋਂ ਉਤਰਨਗੇ। ਭਾਰਤ ਦੌਰੇ ‘ਤੇ ਆਸਟ੍ਰੇਲੀਆ ਆਪਣੀ ਟੀਮ ‘ਚ ਵੱਧ ਸਪਿਨਰਾਂ ਨੂੰ ਲੈ ਕੇ ਆਵੇਗੀ ਅਤੇ ਲਾਇਨ ਦਾ ਨਾਂ ਇਸ ਸੂਚੀ ‘ਚ ਸਭ ਤੋਂ ਅੱਗੇ ਹੋਣਾ ਤੈਅ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।