ਰੂਪਨਗਰ, 7 ਫਰਵਰੀ (ਪੰਜਾਬੀ ਖ਼ਬਰਨਾਮਾ)
ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ-2024 ਲਈ ਪੋਲਿੰਗ ਸਟਾਫ਼ ਦਾ ਡਾਟਾ ਇਕੱਠਾ ਕਰਨ ਲਈ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਨੈਕਸਟ ਜਨਰੇਸ਼ਨ ਡੀ.ਆਈ.ਐਸ.ਈ. ਸਾਫਟਵੇਅਰ ਦੀ ਟਰੇਨਿੰਗ ਕਰਵਾਈ ਗਈ।
ਇਸ ਟਰੇਨਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਦਫ਼ਤਰ, ਵਿਭਾਗਾਂ ਦੇ ਅਧਿਕਾਰੀ, ਕਰਮਚਾਰੀਆਂ ਦੀਆਂ ਪੋਲਿੰਗ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਹਨ। ਟਰੇਨਿੰਗ ਉਪਰੰਤ ਇਹ ਵੀ ਹਦਾਇਤ ਕੀਤੀ ਗਈ ਕਿ 20 ਫ਼ਰਵਰੀ 2024 ਦਿਨ ਮੰਗਲਵਾਰ ਤੱਕ ਸਾਰੇ ਵਿਭਾਗ, ਦਫ਼ਤਰਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਦਾ 100 ਫ਼ੀਸਦੀ ਡਾਟਾ ਮੁਕੰਮਲ ਕਰਨਾ ਯਕੀਨੀ ਕੀਤਾ ਜਾਵੇ।
ਇਸ ਟਰੇਨਿੰਗ ਵਿੱਚ ਚੋਣ ਤਹਿਸੀਲਦਾਰ ਪਲਵਿੰਦਰ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਯੋਗੇਸ਼ ਕੁਮਾਰ, ਰਾਜ ਪੱਧਰੀ ਮਾਸਟਰ ਟ੍ਰੇਨਰ ਦਿਨੇਸ਼ ਕੁਮਾਰ ਸੈਣੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।