ਸੰਗਰੂਰ, 1 ਮਾਰਚ (ਪੰਜਾਬੀ ਖਬਰਨਾਮਾ) :ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਾਗਰਿਕਾਂ ਨੂੰ ਸਰਵੋਤਮ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਿਤ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਇਸ ਦੌਰਾਨ ਸੇਵਾ ਕੇਂਦਰ ਵਿਚ ਟੋਕਨ ਲੈਣ ਉਪਰੰਤ ਆਪਣੀ ਵਾਰੀ ਦੀ ਉਡੀਕ ਕਰ ਰਹੇ ਨਾਗਰਿਕਾਂ ਤੋਂ ਫੀਡਬੈਕ ਲਈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਚੰਗੀਆਂ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਦੇ ਪੱਧਰ ਉੱਤੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ਤੌਰ ‘ਤੇ ਵੀ ਰਾਬਤਾ ਕਰ ਸਕਦਾ ਹੈ। ਉਨ੍ਹਾਂ ਨੇ ਸੇਵਾ ਕੇਂਦਰ ਵਿਚ ਸੇਵਾਵਾਂ ਹਾਸਲ ਕਰਨ ਪੁੱਜੇ ਸੀਨੀਅਰ ਸਿਟੀਜਨ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰ ਨਾਲ ਸਬੰਧਤ ਵੱਖ ਵੱਖ ਸੇਵਾਵਾਂ ਨੂੰ ਘਰਾਂ ਵਿੱਚ ਮੁਹੱਈਆ ਕਰਵਾਉਣ ਦੀ ਸੁਵਿਧਾ ਉਪਲੱਬਧ ਕਰਵਾ ਦਿੱਤੀ ਹੈ ਤਾਂ ਜੋ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਸਕੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੇਵਾ ਕੇਂਦਰ ਦੇ ਸਟਾਫ ਨੂੰ ਸਮੇਂ ਸਿਰ ਡਿਊਟੀ ਉੱਤੇ ਪਹੁੰਚਣ ਅਤੇ ਲੋਕਾਂ ਨੂੰ ਪਾਰਦਰਸ਼ਤਾ ਅਤੇ ਸਮਾਂ ਬੱਧ ਤਰੀਕੇ ਨਾਲ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਰਵੋਤਮ ਅਤੇ ਸਮਾਂ ਬੱਧ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਵੀ ਨਾਗਰਿਕਾਂ ਦੇ ਕੰਮ ਸਮੇਂ ਸਿਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਵੀ ਹਾਜ਼ਰ ਸਨ।