ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ
ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਨੇ ਨੀਟ ਪ੍ਰੀਖਿਆ ‘ਚ ਸਫਲਤਾ ਤੋਂ ਬਾਅਦ ਜਤਿਨ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ ਲੈਪਟੋਪ ਅਤੇ ਸੁਨਹਿਰੀ ਭਵਿੱਖ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਪੰਜਾਬੀ ਖਬਰਨਾਮਾ ਬਿਊਰੋ ):
ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਰੈਡ ਕਰਾਸ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਜੀਤ ਕਪਲਿਸ਼ ਨੇ ਸਖ਼ਤ ਮੁਕਾਬਲੇ ਵਾਲੀ ਰਾਸ਼ਟਰੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ) ਵਿੱਚ ਐਸ.ਸੀ. ਕੈਟੇਗਿਰੀ ਵਿੱਚੋਂ ਪੂਰੇ ਦੇਸ਼ ਵਿੱਚੋਂ 171ਵਾਂ ਰੈਂਕ ਹਾਸਲ ਕਰਨ ਵਾਲੇ ਵਾਰਡ ਨੰਬਰ 19, ਗੁਰੂ ਰਵਿਦਾਸ ਨਗਰ ਮਲੋਟ ਦੇ ਨੌਜਵਾਨ ਜਤਿਨ ਨੂੰ ਅੱਜ ਆਪਣੀ ਰਿਹਾਇਸ਼ ‘ਤੇ ਮਿਲ ਕੇ ਉਸਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਤਿਨ ਨੂੰ ਇੱਕ ਲੈਪਟੋਪ ਭੇਂਟ ਕੀਤਾ ਗਿਆ।
ਉਨ੍ਹਾਂ ਜਤਿਨ ਦਾ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਸ ਦੀ ਪੰਜ ਸਾਲ ਦੀ ਪੜਾਈ ਤੇ ਹੋਸਟਲ ਦਾ ਸਾਰਾ ਖਰਚਾ ਰੈਡ ਕਰਾਸ ਸੋਸਾਇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਜਤਿਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਪੜ੍ਹ ਲਿਖ ਕੇ ਕਿਸੇ ਵੱਡੇ ਮੁਕਾਮ ਤੇ ਪਹੁੰਚ ਗਏ ਤਾਂ ਤੁਸੀਂ ਵੀ ਇਸ ਤਰਾਂ ਇੱਕ ਜਰੂਰਤਮੰਦ ਬੱਚੇ ਦੀ ਪੜ੍ਹਾਈ ਲਈ ਮਦਦ ਕਰੋਗੇ।
ਸਕੱਤਰ ਰੈਡ ਕਰਾਸ ਸੋਸਾਇਟੀ-ਕਮ-ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜਗਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰਜ ‘ਤੇ ਇੱਕ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 10 ਜ਼ਰੂਰਤਮੰਦ ਅਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਰੈਡ ਕਰਾਸ ਸੋਸਾਇਟੀ ਵੱਲੋਂ ਦਿੱਤਾ ਜਾਵੇਗਾ।