ਕੀਰਤਪੁਰ ਸਾਹਿਬ, 14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਡਾ.ਸਵਪਨਜੀਤ ਕੌਰ ਸਿਵਲ ਸਰਜਨ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਰਤਪੁਰ ਸਾਹਿਬ ਅਤੇ ਇਸਦੇ ਨੇੜ੍ਹਲੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਟੀਮ ਵੱਲੋਂ ਘਰਾਂ, ਗਲੀ- ਮੁਹੱਲਿਆਂ ਅਤੇ ਇਮਾਰਤਾਂ ‘ਚ ਲੱਗੇ ਕੂਲਰਾਂ, ਗਮਲਿਆਂ ਅਤੇ ਪੰਛੀਆਂ ਲਈ ਰੱਖੇ ਕਸੋਰਿਆਂ ਤੋਂ ਇਲਾਵਾ ਕਬਾੜ ਵਿਚ ਪਏ ਸਮਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ “ਡ੍ਰਾਈ ਡੇਅ” ਮਨਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜੰਗਜੀਤ ਸਿੰਘ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ, ਪਰ ਕਈ ਵਾਰ ਇਹ ਰੋਗ ਜਾਨਲੇਵਾ ਸਿੱਧ ਹੁੰਦਾ ਹੈ, ਇਸ ਲਈ ਜਾਗਰੂਕਤਾ ਅਤੇ ਸਾਵਧਾਨੀ ਇਸ ਰੋਗ ਤੋਂ ਬਚਣ ਦਾ ਸੱਭ ਤੋਂ ਸੌਖਾ ਅਤੇ ਅਸਰਦਾਰ ਉਪਾਅ ਹੈ। ਉਹਨਾਂ ਤੇਜ਼ ਬੁਖ਼ਾਰ, ਚਮੜੀ ਉੱਤੇ ਦਾਣੇ, ਸਿਰ ਤੇ ਅੱਖਾਂ ਦੇ ਪਿੱਛੇ ਦਰਦ, ਅਤੇ ਨੱਕ ਜਾਂ ਮਸੂੜਿਆਂ ‘ਚੋਂ ਖ਼ੂਨ ਆਉਣ ਜਿਹੇ ਡੇਂਗੂ ਦੇ ਲੱਛਣ ਵਿਖਾਈ ਦੇਣ ‘ਤੇ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾਣ ਦੀ ਅਪੀਲ ਕੀਤੀ।
ਡਾ.ਜੰਗਜੀਤ ਸਿੰਘ ਨੇ ਟੋਲ ਫ੍ਰੀ ਨੰਬਰ 104 ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕਿਸੇ ਵੀ ਸਮੇਂ ਇਸ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਆਪਣੇ ਆਪ ਬਰੂਫਿਨ ਅਤੇ ਐਸਪਰੀਨ ਦੀ ਵਰਤੋਂ ਕਰਨ ਦੀ ਬਜਾਏ ਡਾਕਟਰੀ ਸਲਾਹ ਨਾਲ ਹੀ ਪੈਰਾਸੀਟਾਮੋਲ ਜਾਂ ਹੋਰ ਦਵਾਈ ਲੈਣੀ ਚਾਹੀਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਬਰਸਾਤੀ ਮੌਸਮ ‘ਚ ਵੈਕਟਰ ਜਨਿਤ ਰੋਗਾਂ ਦੇ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਵਧੇਰੇ ਸਫਲ ਬਣਾਉਣ ਲਈ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹਨਾਂ ਦੀ ਅਗਵਾਈ ਐੱਚ.ਐੱਮ.ਆਈ ਸਿਕੰਦਰ ਸਿੰਘ ਅਤੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋਂ ਲੋਕਾਂ ਨੂੰ ਹਫ਼ਤੇ ਵਿੱਚ ਇਕ ਵਾਰ ਘਰ ਵਿਚ ਲੱਗੇ ਕੂਲਰ, ਗਮਲੇ ਜਾਂ ਮਿੱਟੀ ਦੇ ਬਰਤਨ ਸਾਫ਼ ਕਰ ਕੇ ਧੁੱਪ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਲੋਕਾਂ ਨੂੰ ਫਰਿੱਜ ਦੀ ਬਾਹਰਲੀ ਟ੍ਰੇਅ, ਛੱਤਾਂ ‘ਤੇ ਲੱਗੀਆਂ ਟੈਂਕੀਆਂ, ਡਰੰਮਾਂ ਅਤੇ ਟਾਇਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਉਹਨਾਂ ਸਾਰਿਆਂ ਨੂੰ ਆਪਣਾ ਆਲਾ ਦੁਆਲਾ ਸਾਫ਼-ਸੁਥਰਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਮੱਛਰਾਂ ਕਾਰਨ ਹੁੰਦਾ ਹੈ ਅਤੇ ਡੇਂਗੂ ਦਾ ਮੱਛਰ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਪਾਣੀ ਦੀ ਸਟੋਰੇਜ਼ ਵਾਲੇ ਭਾਂਡੇ, ਟੱਬ ਅਤੇ ਬਾਲਟੀਆਂ ਨੂੰ ਹਫ਼ਤੇ ’ਚ ਇੱਕ ਵਾਰ ਸਾਫ਼ ਕਰਕੇ ਸੁਕਾ ਲੈਣਾ ਚਾਹੀਦਾ ਹੈ ਤਾਂ ਜੋ ਇਸ ਰੋਗ ਤੋਂ ਬਚਿਆ ਜਾ ਸਕੇ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਪੂਰੀ ਬਾਜੂ ਦੇ ਕੱਪੜੇ ਪਾਉਣ, ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨ ਤੋਂ ਇਲਾਵਾ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰਕੇ ਵੀ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।