ਕਪੂਰਥਲਾ, 5 ਮਾਰਚ (ਪੰਜਾਬੀ ਖਬਰਨਾਮਾ): ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿਵਿਆਂਗ ਵਿਦਿਆਰਥਣ ਅਨੂ ਨੂੰ ਈ-ਵ੍ਹੀਲਚੇਅਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਲੋੜੀਂਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕਾਲਾ ਸੰਘਿਆ ਵਾਸੀ ਅਨੂ ਨੂੰ ਇਲੈੱਕਟ੍ਰਾਨਿਕ ਵ੍ਹੀਲਚੇਅਰ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸੂਬੇ ਵਿਚ ਦਿਵਿਆਂਗ ਵਿਦਿਆਰਥੀਆਂ ਦੀ ਮਦਦ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਨਾ ਚੱਲ-ਫਿਰ ਸਕਣ ਵਾਲੇ ਬੱਚਿਆਂ ਨੂੰ ਈ-ਵ੍ਹੀਲਚੇਅਰ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣ ਅਤੇ ਉਸਦੀ ਮਾਤਾ ਨਾਲ ਗੱਲਬਾਤ ਕਰਕੇ ਉਸਦੀ ਪੜ੍ਹਾਈ ਅਤੇ ਰੋਜ਼ਾਨਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵਲੋਂ ਦਿਵਿਆਂਗ ਬੱਚਿਆਂ ਦੀ ਹਰ ਪੱਖੋਂ ਸੰਭਵ ਮਦਦ ਅਤੇ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਕਮੀ ਨਹੀਂ ਰਹਿਣ ਦੇਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਪੰਜਾਬ ਵਿਚ ਸੀ.ਐਸ.ਆਰ. ਸਕੀਮ ਤਹਿਤ 50 ਦਿਵਿਆਂਗ ਵਿਦਿਆਰਥੀਆਂ ਨੂੰ ਈ-ਵ੍ਹੀਕਲ ਦੀ ਸਹੂਲਤ ਦੇ ਕੇ ਉਨ੍ਹਾਂ ਲਈ ਸਿੱਖਿਆ ਹਾਸਲ ਕਰਨ ਲਈ ਆਉਣ-ਜਾਣ ਨੂੰ ਹੋਰ ਸੁਖਾਲਾ ਬਣਾਉਣਾ ਹੈ ਤਾਂ ਜੋ ਉਹ ਆਪਣੀ ਸਿੱਖਿਆ ਨੂੰ ਲਗਾਤਾਰ ਜਾਰੀ ਰੱਖ ਸਕਣ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਇਰਵਿਨ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ ਸੰਧੂ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨੰਦਾ ਆਦਿ ਮੌਜੂਦ ਸਨ।