ਐੱਸਏਐੱਸ ਨਗਰ, 06 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਲਾਟੀ ਨੂੰ ਸੋਮਵਾਰ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਵੱਲੋਂ ਮੁਲਜ਼ਮ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ 6 ਜਨਵਰੀ ਲਈ ਤੈਅ ਕੀਤੀ ਹੈ।
ਵਿਜੀਲੈਂਸ ਅਨੁਸਾਰ ਹਰਪ੍ਰੀਤ ਗੁਲਾਟੀ ਨੂੰ ਉਸ ਦੇ ਸੈਕਟਰ-106 ਸਥਿਤ ਘਰ ਤੋਂ ਕਾਬੂ ਕੀਤਾ ਗਿਆ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੁਲਾਟੀ ਦੀਆਂ ਕੰਪਨੀਆਂ ਤੋਂ ਮਜੀਠੀਆ ਦੀਆਂ ਕੰਪਨੀਆਂ ਵਿਚ ਵੱਡੀ ਮਾਤਰਾ ਵਿਚ ਫੰਡ ਟਰਾਂਸਫਰ ਕੀਤੇ ਗਏ ਸਨ। ਵਿਜੀਲੈਂਸ ਦਾ ਦਾਅਵਾ ਹੈ ਕਿ ਇਹ ਪੈਸਾ ਕਦੇ ਵਾਪਸ ਨਹੀਂ ਕੀਤਾ ਗਿਆ ਅਤੇ ਗੁਲਾਟੀ ਅਸਲ ਵਿਚ ਮਜੀਠੀਆ ਦੇ ਕਾਲੇ ਧਨ ਨੂੰ ਸਫੈਦ ਕਰਨ ਦਾ ਕੰਮ ਕਰਦੇ ਸਨ।
ਜਾਣਕਾਰੀ ਅਨੁਸਾਰ ਗੁਲਾਟੀ ਪਹਿਲਾਂ ਪੁਰਾਣੀਆਂ ਗੱਡੀਆਂ ਦੀ ਖ਼ਰੀਦ-ਵੇਚ ਦਾ ਕੰਮ ਕਰਦੇ ਸਨ ਪਰ ਸਾਲ 2008-09 ਵਿਚ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਨੇ ਕਈ ਕੰਪਨੀਆਂ ਖੜ੍ਹੀਆਂ ਕੀਤੀਆਂ। ਉਸ ਸਮੇਂ ਰਾਜ ਦੇ ਸ਼ਰਾਬ ਕਾਰੋਬਾਰ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਸੀ।
ਦੂਜੇ ਪਾਸੇ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ 17 ਜਨਵਰੀ ਤੱਕ ਵਧਾ ਦਿੱਤੀ ਹੈ। ਵਿਜੀਲੈਂਸ ਹੁਣ ਗੁਲਾਟੀ ਤੋਂ ਪੁੱਛਗਿੱਛ ਰਾਹੀਂ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ।
