ਚੰਡੀਗੜ੍ਹ, 09 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਵਿਚ ਨਿਵੇਸ਼ਕਾਂ ਨੂੰ ਸੱਦਾ ਦੇਣ ਦੇ ਮਕਸਦ ਨਾਲ ਕਈ ਪ੍ਰਮੁੱਖ ਕੰਪਨੀਆਂ ਦੇ ਦਿੱਗਜਾਂ ਨਾਲ ਅਹਿਮ ਬੈਠਕਾਂ ਕੀਤੀਆਂ। ਉਨ੍ਹਾਂ ਨੇ ਡੈਵਿਊ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ, ਜੀਐੱਸ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ, ਨਾਨਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ, ਸਿਓਲ ਬਿਜ਼ਨਸ ਏਜੰਸੀ ਸਮੇਤ ਹੋਰ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ।
ਡੈਵਿਊ ਦੇ ਚੇਅਰਮੈਨ ਜੰਗ ਵਾਨ ਜੂ ਨਾਲ ਬੈਠਕ ਵਿਚ ਮੁੱਖ ਮੰਤਰੀ ਨੇ ਸਮੁੰਦਰੀ ਪਵਨ ਊਰਜਾ, ਸੋਲਰ ਊਰਜਾ ਤੇ ਹਰੀ ਹਾਈਡ੍ਰੋਜਨ ਵਰਗੇ ਖੇਤਰਾਂ ਵਿਚ ਭਾਈਵਾਲੀ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐੱਲਐੱਨਜੀ ਟਰਮੀਨਲ, ਪੈਟਰੋ-ਕੈਮੀਕਲ ਕੰਪਲੈਕਸ, ਖਾਦ ਪਲਾਂਟ ਤੇ ਸਮਾਰਟ ਸ਼ਹਿਰ ਵਰਗੇ ਢਾਂਚਾਗਤ ਪ੍ਰੋਜੈਕਟਾਂ ਲਈ ਵਿਆਪਕ ਮੌਕੇ ਮੌਜੂਦ ਹਨ। ਮੁੱਖ ਮੰਤਰੀ ਨੇ ਮਾਡਿਊਲਰ ਨਿਰਮਾਣ ਤਕਨੀਕ ਤੇ ਤੇਜ਼, ਕਿਫਾਇਤੀ ਢਾਂਚਾ ਨਿਰਮਾਣ ਵਿਚ ਸਹਿਯੋਗ ਦੀ ਲੋੜ ਵੀ ਦੱਸੀ। ਜੀਐੱਸ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਵਿਚ ਨਵੀਂ ਊਰਜਾ, ਸੜਕ ਤੇ ਪੁਲ ਪ੍ਰੋਜੈਕਟਾਂ, ਇੰਡਸਟਰੀਅਲ ਕੰਪਲੈਕਸਾਂ ਤੇ ਈਪੀਸੀ ਸੇਵਾਵਾਂ ਵਿਚ ਸਾਂਝੇ ਕੰਮ ਦੀਆਂ ਸੰਭਾਵਨਾਵਾਂ ’ਤੇ ਚਰਚਾ ਹੋਈ। ਨਾਨਗਸ਼ਿਮ ਹੋਲਡਿੰਗਸ ਦੇ ਨਾਲ ਬੈਠਕ ਵਿਚ ਫੂਡ ਪ੍ਰੋਸੈਸਿੰਗ ਖੇਤਰ ’ਚ ਭਾਈਵਾਲੀ ਤੇ ਭਾਰਤੀ ਸੁਆਦ ਦੇ ਮੁਤਾਬਕ ਨਵੇਂ ਇੰਸਟੈਂਟ ਨੂਡਲਸ ਵਿਕਸਤ ਕਰਨ ’ਤੇ ਸਹਿਮਤੀ ਬਣੀ। ਮੁੱਖ ਮੰਤਰੀ ਨੇ ਵਾਤਾਵਰਣ ਹਿਤੈਸ਼ੀ ਪੈਕਿਜਿੰਗ, ਪਲਾਂਟ ਆਧਾਰਤ ਉਤਪਾਦਾਂਤੇ ਯੂਥ ਗਾਹਕਾਂ ਨੂੰ ਕੇਂਦਰ ’ਚ ਰੱਖ ਕੇ ਵਿਸਥਾਰ ਯੋਜਨਾਵਾਂ ਸੁਝਾਈਆਂ। ਰੱਖਿਆ ਖੇਤਰ ਦੀ ਬੈਠਕ ਵਿਚ ਉੱਨਤ ਫ਼ੌਜੀ ਤਕਨੀਕ, ਰੋਬੋਟਿਕਸ, ਏਆਈ, ਮਨੁੱਖ ਰਹਿਤ ਪ੍ਰਣਾਲੀਆਂ ਤੇ ਸਾਈਬਰ ਸੁਰੱਖਿਆ ਵਿਚ ਸਹਿਯੋਗ ਵਿਚ ਵਿਸਥਾਰਤ ਚਰਚਾ ਹੋਈ।
ਸਿਓਲ ਬਿਜ਼ਨਸ ਏਜੰਸੀ ਨਾਲ ਸਟਾਰਟਅੱਪ ਈਕੋਸਿਸਟਮ, ਐਕਸਲੇਰੇਸ਼ਨ ਪ੍ਰੋਗਰਾਮ ਤੇ ਉਤਪਾਦ ਸਰਟੀਫਿਕੇਸ਼ਨ, ਐਕਸਲੇਰੇਸ਼ਨ ਪ੍ਰੋਗਰਾਮ ਤੇ ਉਤਪਾਦ ਸਰਟੀਫਿਕੇਸ਼ਨ ’ਚ ਭਾਈਵਾਲੀ ’ਤੇ ਜ਼ੋਰ ਦਿੱਤਾ ਗਿਆ। ਗੋਲਮੇਜ਼ ਸੰਮੇਲਨ ਵਿਚ ਕਈ ਕੋਰਿਆਈ ਸਨਅਤੀ ਸਮੂਹਾਂ ਨੇ ਪੰਜਾਬ ਨੂੰ ਨਿਵੇਸ਼ ਲਈ ਚੰਗਾ ਸਥਾਨ ਦੱਸਿਆ। ਮੁੱਖ ਮੰਤਰੀ ਨੇ ਪੈਂਗਯੋ ਟੈਕਨੋ ਵੈਲੀ ਦੀ ਸਮੀਖਿਆ ਕਰ ਕੇ ਇਸ ਦੀ ਤਰਜ਼ ’ਤੇ ਮੋਹਾਲੀ ਨੂੰ ਵਿਕਸਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਟਾਰਟਅੱਪ, ਖੋਜ ਤੇ ਨਵੀਨੀਕਰਨ ਅਧਾਰਤ ਰੁਜ਼ਗਾਰ ਲਈ ਇਹ ਮਾਡਲ ਪੰਜਾਬ ’ਚ ਨਵੀਂ ਊਰਜਾ ਦੇਵੇਗਾ।
