21 ਅਗਸਤ 2024 : ਅਜੀਜ਼ਪੁਰ ਟੋਲ ਪਲਾਜਾ ‘ਤੇ ਪੀਆਰਟੀਸੀ ਦੇ ਬਰਨਾਲਾ ਡਿੱਪੂ ਦੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਦੇ ਡਰਾਈਵਰ ਅਤੇ ਟੋਲ ਪਲਾਜਾ ਮੁਲਾਜ਼ਮਾਂ ਵਿਚਕਾਰ ਹੋਈ ਆਪਸੀ ਤਕਰਾਰ ਦੇ ਚਲਦੇ ਪੀਆਰਟੀਸੀ ਬੱਸ ਡਰਾਈਵਰਾਂ ਨੇ ਟੋਲ ਪਲਾਜ਼ਾ ‘ਤੇ ਬਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਸਵੇਰੇ 7.30 ਵਜੇ ਦੇ ਕਰੀਬ ਲੱਗੇ ਇਸ ਜਾਮ ਨਾਲ ਸੜਕ ਦੇ ਦਿਨੋਂ ਪਾਸੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆ। ਸਵੇਰ ਦਾ ਸਮਾਂ ਹੋਣ ਕਾਰਨ ਅਤੇ ਪੀਆਰਟੀਸੀ ਬੱਸ ਡਰਾਈਵਰਾਂ ਵੱਲੋਂ ਲਗਾਏ ਜਾਮ ਦੇ ਚਲਦੇ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੈਦਲ ਤੁਰ ਕੇ ਆਪਣੀ ਮੰਜਿਲ ਵੱਲ ਜਾਣ ਲਈ ਮਜਬੂਰ ਹਨ। ਪੀਆਰਟੀਸੀ ਦੀ ਬੱਸ ਵਿੱਚ ਸਫਰ ਕਰ ਰਹੇ ਮੁਸਾਫ਼ਰ ਦਵਿੰਦਰ ਸਿੰਘ, ਜੋਤੀ ਸ਼ਰਮਾ, ਉਪਾਸਨਾ, ਰਫੀਕ, ਗੁਰਵਿੰਦਰ, ਪ੍ਰਭਜੋਤ ਸਿੰਘ, ਮੀਨਾ, ਸੰਦੀਪ ਕੌਰ, ਹਰਜੋਤ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਅਤੇ ਬਨੂੜ ਤੋਂ ਪੀਆਰਟੀਸੀ ਦੀ ਬੱਸ ਵਿੱਚ ਸਫਰ ਕਰ ਰਹੇ ਸਨ। ਜਿਸ ਤਰਾਂ ਹੀ ਉਨ੍ਹਾਂ ਦੀ ਬੱਸ ਅਜੀਜ਼ਪੁਰ ਟੋਲ ਪਲਾਜ਼ਾ ਨੇੜੇ ਪੁੱਜੀ ਤਾਂ ਅੱਗੇ ਜਾਮ ਲੱਗਾ ਹੋਇਆ ਸੀ ਤੇ ਕਿਸੇ ਨੂੰ ਵੀ ਅੱਗੇ ਨਹੀ ਜਾਣ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਮ ਦੇ ਚਲਦੇ ਬੱਸ ਡਰਾਈਵਰ ਨੇ ਉਨਾਂ ਨੂੰ ਉਥੇ ਹੀ ਉਤਾਰ ਦਿੱਤਾ ਤੇ ਅੱਗੇ ਉਹ ਪੈਦਲ ਜਾ ਰਹੇ ਹਨ। ਪੀੜਤ ਮੁਸਾਫਰਾਂ ਦੱਸਿਆ ਕਿ ਉਹ ਚੰਡੀਗੜ੍ਹ ਤੇ ਪੰਚਕੂਲਾ ਵਿਖੇ ਨੌਕਰੀ ਕਰਦੇ ਹਨ, ਇਸ ਜਾਮ ਨਾਲ ਉਨਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ ਤੇ ਉਹ ਆਪਣੀ ਡਿਊਟੀ ਤੋਂ ਵੀ ਲੇਟ ਹੋ ਗਏ ਹਨ। ਉਧਰ ਪੀਆਰਟੀਸੀ ਦੇ ਪ੍ਰਧਾਨ ਬਿੰਦਰ ਨੇ ਦੱਸਿਆ ਕਿ ਉਨਾਂ ਦਾ ਟੋਲ ਕੰਪਨੀ ਨਾਲ 1 ਤੇ 7 ਨੰਬਰ ਤੋਂ ਬੱਸਾਂ ਕੱਢਣ ਦਾ ਲਿਖਿਤ ਸਮਝੌਤਾ ਹੋਇਆ ਪਿਆ ਹੈ ਤਾਂ ਜੋ ਉਨਾਂ ਦਾ ਸਮਾਂ ਖਰਾਬ ਨਾ ਹੋਵੇ ਪਰ ਇਸ ਦੇ ਬਾਵਜੂਦ ਵੀ ਟੋਲ ਪਲਾਜ਼ਾ ਵਾਲੇ ਬੱਸ ਡਰਾਈਵਰਾਂ ਨਾਲ ਧੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਬਰਨਾਲਾ ਡਿੱਪੂ ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਅਜੀਜ਼ਪੁਰ ਟੋਲ ‘ਤੇ ਟੋਲ ਮੁਲਾਜ਼ਮ ਨਾਲ ਡਰਾਈਵਰ ਦੀ ਬਹਿਸ ਹੋ ਗਈ ਜੋ ਹੱਥੋ ਪਾਈ ਵਿੱਚ ਬਦਲ ਗਈ। ਜਿਸ ਦੇ ਚਲਦੇ ਬੱਸ ਆਪ੍ਰੇਟਰਾਂ ਨੇ ਗੁੱਸੇ ਵਿੱਚ ਆ ਕੇ ਜਾਮ ਲਗਾ ਦਿੱਤਾ। ਉਨਾਂ ਕਿਹਾ ਕਿ ਸਮੇਂ ਨੂੰ ਲੈ ਕੇ ਜਦੋਂ ਵੀ ਟੋਲ ਮੁਲਾਜ਼ਮਾਂ ਨੂੰ ਕਿਹਾ ਜਾਂਦਾ ਹੈ ਤਾਂ ਉਹ ਡਰਾਈਵਰ ਕੰਡਕਟਰ ਦੀ ਕੁੱਟਮਾਰ ਕਰਦੇ ਹਨ ਜੋ ਕਦੇ ਵੀ ਬਰਦਾਸਤ ਨਹੀ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਜਾਮ ਜਿਓ ਦਾ ਤਿਓ ਸੀ।