ਰੂਪਨਗਰ , 1 ਮਾਰਚ (ਪੰਜਾਬੀ ਖਬਰਨਾਮਾ): ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਦੀ ਯੋਗ ਅਗਵਾਈ ਹੇਠ ਮਿਤੀ 3 ਮਾਰਚ 2024 ਤੋਂ 5 ਮਾਰਚ 2024 ਤੱਕ ਜ਼ਿਲ੍ਹੇ ਅੰਦਰ ਚਲਾਈ ਜਾਣ ਵਾਲੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਰੂਪਨਗਰ ਤੋਂ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਰੂਪ ਨਗਰ ਡਾ. ਮਨੂ ਵਿੱਜ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਇਸ ਦਾ ਮੰਤਵ ਆਉਣ ਵਾਲੀ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਹਨਾਂ ਨੇ ਦੱਸਿਆ ਕਿ ਪੋਲੀਓ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਾਲ 1995 ਵਿੱਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਭਾਵੇਂ ਸਾਲ 2014 ਦੇ ਵਿੱਚ ਪੋਲੀਓ ਪੂਰੀ ਤਰਾਂ ਭਾਰਤ ਦੇਸ਼ ਵਿੱਚੋਂ ਖਤਮ ਹੋ ਗਿਆ ਸੀ ਪ੍ਰੰਤੂ ਅਜੇ ਵੀ ਇਸ ਬਿਮਾਰੀ ਦੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਭਾਰਤ ਦੇ ਗਵਾਂਢੀ ਦੇਸ਼ ਜਿਵੇਂ ਕਿ ਪਾਕਿਸਤਾਨ ਅਫਗਾਨਿਸਤਾਨ ਆਦਿ ਵਿੱਚ ਪੋਲੀਓ ਬਿਮਾਰੀ ਦੇ ਕੇਸ ਅਜੇ ਵੀ ਪਾਏ ਜਾ ਰਹੇ ਹਨ ਜਿਸ ਕਰਕੇ ਪੋਲੀਓ ਮੁਹਿੰਮ ਹਰ ਸਾਲ ਚਲਾਈ ਜਾਂਦੀ ਹੈ।
ਇਸ ਮੌਕੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਨੇ ਦੱਸਿਆ ਕਿ ਰੂਪਨਗਰ ਜ਼ਿਲੇ ਦੀ 730605 ਦੀ ਆਬਾਦੀ ਤੇ ਲਗਭਗ 150103 ਘਰਾਂ ਨੂੰ ਕਵਰ ਕਰਦਿਆਂ 59,510 ਬੱਚੇ, ਜਿਨਾਂ ਦੀ ਉਮਰ ਜ਼ੀਰੋ ਤੋਂ ਪੰਜ ਸਾਲ ਤੱਕ ਹੈ, ਨੂੰ ਪੋਲੀਓਰੋਧਕ ਬੂੰਦਾਂ ਪਿਲਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਇਸ ਕੰਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 272 ਬੂਥ, 626 ਘਰ-ਘਰ ਟੀਮਾਂ, 23 ਮੋਬਾਈਲ ਟੀਮਾਂ, 21 ਟਰਾਂਜਿਟ ਟੀਮਾਂ, 1389 ਵੈਕਸੀਨੇਟਰ ਅਤੇ 62 ਸੁਪਰਵਾਈਜ਼ਰ ਕੰਮ ਕਰਨਗੇ। ਇਸ ਵਿੱਚ ਹਾਈ ਰਿਸਕ ਆਬਾਦੀ ਜਿਵੇਂ ਕਿ ਝੁੱਗੀਆਂ ਝੌਂਪੜੀਆਂ, ਭੱਠੇ, ਟੱਪਰੀ ਵਾਸੀਆਂ ਦੇ ਟਿਕਾਣੇ, ਗੁਜਰਾਂ ਦੇ ਡੇਰੇ ਅਤੇ ਨਿਰਮਾਣ ਅਧੀਨ ਇਮਾਰਤਾਂ ਆਦਿ ਵੀ ਕਵਰ ਕੀਤੇ ਜਾਣਗੇ ਅਤੇ ਵੱਖ-ਵੱਖ ਵਿਭਾਗਾਂ ਦੇ ਨਾਲ ਤਾਲਮੇਲ ਕਰਦਿਆਂ ਇਸ ਮੁਹਿੰਮ ਨੂੰ ਨੇਪਰੇ ਚਾੜਿਆ ਜਾਵੇਗਾ।
ਉਹਨਾਂ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਮਿਤੀ 03ਮਾਰਚ ਦਿਨ ਐਤਵਾਰ ਨੂੰ ਬੂਥ ਡੇ ਵਾਲੇ ਦਿਨ ਆਪਣੇ ਨੇੜਲੇ ਬੂਥਾਂ ਤੇ ਲਿਜਾ ਕੇ ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਜਰੂਰ ਪਿਲਾਉਣ, ਇਸ ਤੋਂ ਇਲਾਵਾ ਜਿਹੜੇ ਬੱਚੇ ਬੂਥ ਡੇ ਵਾਲੇ ਦਿਨ ਅਨਕਵਰ ਰਹਿ ਜਾਣਗੇ ਉਹਨਾਂ ਨੂੰ ਅਗਲੇ ਦੋ ਦਿਨ ਘਰ ਘਰ ਜਾ ਕੇ ਟੀਮਾਂ ਵੱਲੋਂ ਪੋਲੀਓਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲਾ ਸਕੂਲ ਸਿਹਤ ਅਫਸਰ ਡਾ. ਜਤਿੰਦਰ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰੀਤੂ, ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਏ ਐਨ ਐਮ ਭੁਪਿੰਦਰ ਕੌਰ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।