ਨਕੋਦਰ (ਜਲੰਧਰ), 27 ਫਰਵਰੀ (ਪੰਜਾਬੀ ਖ਼ਬਰਨਾਮਾ) :ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ 28 ਫਰਵਰੀ ਨੂੰ ਨਕੋਦਰ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਪਹੁੰਚ ਰਹੇ ਹਨ, ਜਿਸ ਵਿੱਚ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਦਾ ਉਦਘਾਟਨ ਵੀ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਅੱਜ ਇਥੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਮਾਗਮ ਵਾਲੇ ਸਥਾਨ ਦਾ ਦੌਰਾ ਕਰਦਿਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਸਮੁੱਚੇ ਲੋੜੀਂਦੇ ਪ੍ਰਬੰਧਾਂ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਕਰਨ ਲਈ ਕਿਹਾ ਤਾਂ ਜੋ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਵਾਲੇ ਸਥਾਨ ’ਤੇ ਆਮ ਲੋਕਾਂ ਦੀ ਸੁਖਾਲੀ ਐਂਟਰੀ, ਬੈਠਣ ਦੇ ਪ੍ਰਬੰਧ, ਸਫਾਈ, ਮੈਡੀਕਲ ਟੀਮਾਂ, ਫਾਇਰ ਬ੍ਰਿਗੇਡ, ਬਿਜਲੀ ਸਪਲਾਈ ਸਮੇਤ ਹੋਰ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋੜੀਂਦੀ ਪੁਲਿਸ ਤਾਇਨਾਤੀ, ਟ੍ਰੈਫਿਕ ਵਿਵਸਥਾ, ਢੁੱਕਵੀਂ ਪਾਰਕਿੰਗ ਸਮੇਤ ਹੋਰ ਬੰਦੋਬਸਤ ਯਕੀਨੀ ਬਣਾਏ ਗਏ ਹਨ।