ਗੁਰਦਾਸਪੁਰ, 22 ਫਰਵਰੀ ( ਪੰਜਾਬੀ ਖ਼ਬਰਨਾਮਾ)
ਜ਼ਿਲ੍ਹੇ ਵਿਚ ਖੁੱਲ ਰਹੇ ਨਵੇਂ ਆਮ ਆਦਮੀ ਕਲੀਨਿਕਾਂ ਦੇ ਨਵ-ਨਿਯੁਕਤ ਸਟਾਫ਼ ਨੂੰ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਡੀਐਮਸੀ ਡਾ. ਰੋਮੀ ਰਾਜਾ, ਏ.ਸੀ.ਐੱਸ. ਡਾ. ਭਾਰਤ ਭੂਸ਼ਨ, ਡੀ.ਐੱਚ.ਓ ਡਾ. ਸਵਿਤਾ, ਡੀ.ਐਫ.ਡਬਲਿਊ.ਓ. ਡਾ. ਤੇਜਿੰਦਰ ਕੌਰ, ਡੀ.ਟੀ.ਓ. ਡਾ. ਰਮੇਸ਼ ਅਤਰੀ, ਡਾ. ਅੰਕੁਰ, ਮਾਸ ਮੀਡੀਆ ਅਫ਼ਸਰ ਗੁਰਿੰਦਰ ਕੌਰ, ਵਿਜੇ ਠਾਕੁਰ, ਸਤੀਸ਼ ਕੁਮਾਰ, ਅਮਨ ਸਿੰਘ ਆਦਿ ਹਾਜ਼ਰ ਸਨ।
ਆਮ ਆਦਮੀ ਕਲੀਨਿਕਾਂ ਲਈ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਕਲੀਨੀਕਲ ਅਸਿਸਟੈਂਟ ਦੀਆਂ ਅਸਾਮੀਆਂ ਦੇ ਨਵ-ਨਿਯੁਕਤ 75 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ 25 ਮਾਰਚ ਨੂੰ 21 ਨਵੇਂ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਬਿਹਤਰ ਢੰਗ ਨਾਲ ਮਿਲਣਗੀਆਂ। ਨਵੀਆਂ ਇਮਾਰਤਾਂ ਵਿਚ ਮੁਫ਼ਤ ਦਵਾਈਆਂ ਦੇ ਨਾਲ ਹੀ ਮੁਫ਼ਤ ਟੈੱਸਟਾਂ ਦੀ ਵੀ ਸਹੂਲਤ ਦਿੱਤੀ ਜਾਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਨਵ-ਨਿਯੁਕਤ ਸਿਹਤ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਰਬਨ ਸੀ.ਐੱਚ.ਸੀ. ਵਿਚ ਓਪੀਡੀ ਜਾਰੀ ਹੈ ਅਤੇ ਜਲਦ ਹੀ ਬਾਕੀ ਸਹੂਲਤਾਂ ਵੀ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।