ਐਸ.ਏ.ਐਸ ਨਗਰ, 16 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ) ਹਰਚਰਨ ਸਿੰਘ ਭੁੱਲਰ ਨੂੰ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਉਨ੍ਹਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਵਪਾਰੀ ਵੱਲੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਉਨ੍ਹਾਂ ਨੂੰ ਮੋਹਾਲੀ ਤੋਂ ਕਾਬੂ ਕੀਤਾ।

ਹਰਚਰਨ ਸਿੰਘ ਭੁੱਲਰ 2007 ਬੈਚ ਦੇ ਆਈ.ਪੀ.ਐਸ ਅਫਸਰ ਹਨ ਅਤੇ ਪੰਜਾਬ ਪੁਲਿਸ ਵਿਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਹ ਆਪਣੀ ਸਖ਼ਤ ਕਾਰਵਾਈ ਅਤੇ ਇਮਾਨਦਾਰ ਛਵੀ ਲਈ ਜਾਣੇ ਜਾਂਦੇ ਹਨ। ਡਰੱਗ ਮਾਫੀਆ, ਸੰਗਠਿਤ ਅਪਰਾਧ ਤੇ ਸਮਾਜਕ ਸੁਰੱਖਿਆ ਸਬੰਧੀ ਮਾਮਲਿਆਂ ‘ਤੇ ਉਨ੍ਹਾਂ ਨੇ ਕਈ ਕਦਮ ਚੁੱਕੇ ਸਨ। ਸਰੋਤਾਂ ਮੁਤਾਬਕ, ਸੀਬੀਆਈ ਨੂੰ ਸ਼ਿਕਾਇਤ ਮਿਲੀ ਸੀ ਕਿ ਭੁੱਲਰ ਮਹੀਨਾਵਾਰ ਪੰਜ ਲੱਖ ਰੁਪਏ ਰਿਸ਼ਵਤ ਵਜੋਂ ਲੈ ਰਹੇ ਸਨ। ਚੰਡੀਗੜ੍ਹ ਯੂਨਿਟ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲਾ ਕਦੋਂ ਤੇ ਕਿਵੇਂ ਸ਼ੁਰੂ ਹੋਇਆ।

ਆਮ ਆਦਮੀ ਪਾਰਟੀ ਦੇ ਪ੍ਰਵਕਤਾ ਬਲਤੇਜ ਪੰਨੂ ਨੇ ਕਿਹਾ ਕਿ ਇਹ ਮਾਮਲਾ ਰਿਸ਼ਵਤਖੋਰੀ ਨਾਲ ਜੁੜਿਆ ਹੈ ਅਤੇ ਸਰਕਾਰ ਕਿਸੇ ਵੀ ਹਾਲਤ ‘ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ। ਆਪਣੇ ਕਾਰਜਕਾਲ ਦੌਰਾਨ ਭੁੱਲਰ ਨੇ “ਯੁੱਧ ਨਸ਼ਾਂ ਵਿਰੁੱਧ” ਮੁਹਿੰਮ ਤਹਿਤ ਰੂਪਨਗਰ ਰੇਂਜ ਵਿਚ 288 ਐਫਆਈਆਰਾਂ ਦਰਜ ਕਰਵਾਈਆਂ ਅਤੇ 452 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਹਨਾਂ ਨੇ ਸਕੂਲਾਂ ਅਤੇ ਸਮਾਜਕ ਸੰਸਥਾਵਾਂ ਰਾਹੀਂ ਨਸ਼ੇ ਦੇ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ।

ਅਪ੍ਰੈਲ 2024 ਵਿਚ ਸੰਗਰੂਰ ਜੇਲ੍ਹ ਹਿੰਸਾ ਮਾਮਲੇ ਦੀ ਨਿਆਂਇਕ ਜਾਂਚ ਦੀ ਨਿਗਰਾਨੀ ਵੀ ਉਨ੍ਹਾਂ ਨੇ ਕੀਤੀ ਸੀ। ਪਟਿਆਲਾ ਰੇਂਜ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਪਰਾਧ-ਮੁਕਤ ਜ਼ਿਲ੍ਹਾ ਬਣਾਉਣ ਲਈ ਉਪਰਾਲੇ ਕੀਤੇ। ਹਰਚਰਨ ਸਿੰਘ ਭੁੱਲਰ ਸਾਬਕਾ ਡੀ.ਜੀ.ਪੀ ਮੇਹਲ ਸਿੰਘ ਭੁੱਲਰ ਦੇ ਪੁੱਤਰ ਹਨ ਤੇ ਉਨ੍ਹਾਂ ਦੇ ਛੋਟੇ ਭਰਾ ਕੁਲਦੀਪ ਸਿੰਘ ਭੁੱਲਰ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ।

ਸੰਖੇਪ:
CBI ਨੇ ਰੋਪੜ ਰੇਂਜ ਦੇ D.I.G. ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।