ਨਵੀਂ ਦਿੱਲੀ 19 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜੇਕਰ ਤੁਸੀਂ ATM ਵਿੱਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮਸ਼ੀਨ ਵਿੱਚੋਂ ਕੈਸ਼ ਨਹੀਂ ਨਿਕਲਿਆ ਅਤੇ ਤੁਹਾਡੇ ਬੈਂਕ ਖਾਤੇ ਵਿੱਚੋਂ ਰਕਮ ਕੱਟ ਗਈ ਹੈ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ।
ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਮੁਤਾਬਕ, ਅਜਿਹੀ ਸਥਿਤੀ ਵਿੱਚ ਬੈਂਕ ਨੂੰ ਤੈਅ ਸਮੇਂ ਦੇ ਅੰਦਰ ਤੁਹਾਡੇ ਪੈਸੇ ਵਾਪਸ ਕਰਨੇ ਪੈਣਗੇ। ਜੇਕਰ ਬੈਂਕ ਅਜਿਹਾ ਨਹੀਂ ਕਰਦਾ ਤਾਂ ਗਾਹਕ ਨੂੰ ਹਰ ਰੋਜ਼ 100 ਰੁਪਏ ਮੁਆਵਜ਼ਾ ਦੇਣਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਇਸ ਲਈ ਗਾਹਕ ਨੂੰ ਵੱਖਰੇ ਤੌਰ ‘ਤੇ ਕਲੇਮ ਕਰਨ ਦੀ ਵੀ ਲੋੜ ਨਹੀਂ ਹੈ।
ਕਿੰਨੇ ਦਿਨਾਂ ‘ਚ ਵਾਪਸ ਆਉਣੇ ਚਾਹੀਦੇ ਹਨ ਪੈਸੇ
RBI ਦੇ ਨਿਯਮਾਂ ਮੁਤਾਬਕ, ਜੇਕਰ ATM ਟ੍ਰਾਂਜ਼ੈਕਸ਼ਨ ਦੌਰਾਨ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਜਾਂਦੇ ਹਨ, ਪਰ ATM ਵਿੱਚੋਂ ਕੈਸ਼ ਨਹੀਂ ਨਿਕਲਦਾ ਤਾਂ ਬੈਂਕ ਨੂੰ ਵੱਧ ਤੋਂ ਵੱਧ 5 ਕੈਲੰਡਰ ਦਿਨਾਂ ਦੇ ਅੰਦਰ ਰਕਮ ਵਾਪਸ ਕਰਨੀ ਹੋਵੇਗੀ।
ਇਸ ਵਿੱਚ ਟ੍ਰਾਂਜ਼ੈਕਸ਼ਨ ਵਾਲੇ ਦਿਨ ਨੂੰ T ਮੰਨਿਆ ਜਾਂਦਾ ਹੈ ਅਤੇ ਪੈਸੇ ਵਾਪਸ ਕਰਨ ਦੀ ਸਮਾਂ ਸੀਮਾ T+5 ਹੁੰਦੀ ਹੈ।
ਜੇਕਰ ਬੈਂਕ 5 ਦਿਨਾਂ ਦੇ ਅੰਦਰ ਪੈਸੇ ਵਾਪਸ ਨਹੀਂ ਕਰਦਾ ਤਾਂ ਛੇਵੇਂ ਦਿਨ ਤੋਂ ਗਾਹਕ ਨੂੰ ਹਰ ਰੋਜ਼ 100 ਰੁਪਏ ਮੁਆਵਜ਼ਾ ਦੇਣਾ ਪਵੇਗਾ। ਇਹ ਮੁਆਵਜ਼ਾ ਉਦੋਂ ਤੱਕ ਮਿਲੇਗਾ, ਜਦੋਂ ਤੱਕ ਖਾਤੇ ਵਿੱਚ ਪੂਰੀ ਰਕਮ ਵਾਪਸ ਨਹੀਂ ਆ ਜਾਂਦੀ।
ਕੀ ਮੁਆਵਜ਼ੇ ਲਈ ਵੱਖਰੇ ਤੌਰ ‘ਤੇ ਕਰਨਾ ਪਵੇਗਾ ਕਲੇਮ
RBI ਦੇ ਨਿਯਮਾਂ ਮੁਤਾਬਕ, ਜੇਕਰ ਬੈਂਕ ਪੈਸੇ ਵਾਪਸ ਕਰਨ ਵਿੱਚ ਦੇਰੀ ਕਰਦਾ ਹੈ ਤਾਂ ਉਸ ਨੂੰ ਗਾਹਕ ਦੇ ਖਾਤੇ ਵਿੱਚ ਆਪਣੇ ਆਪ 100 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮੁਆਵਜ਼ਾ ਜਮ੍ਹਾਂ ਕਰਨਾ ਹੋਵੇਗਾ।
ਇਸ ਲਈ ਗਾਹਕ ਵੱਲੋਂ ਵੱਖਰੇ ਤੌਰ ‘ਤੇ ਕੋਈ ਦਾਅਵਾ ਜਾਂ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਬੈਂਕ ਕੋਲ ਸ਼ਿਕਾਇਤ ਦਰਜ ਕਰਵਾਉਣਾ ਬਿਹਤਰ ਰਹਿੰਦਾ ਹੈ ਤਾਂ ਜੋ ਟ੍ਰਾਂਜ਼ੈਕਸ਼ਨ ਦੀ ਜਾਂਚ ਹੋ ਸਕੇ।
ਜੇਕਰ ਬੈਂਕ ਪੈਸੇ ਵਾਪਸ ਨਾ ਕਰੇ ਤਾਂ ਕੀ ਕਰੀਏ
ਜੇਕਰ ATM ਵਿੱਚੋਂ ਪੈਸੇ ਨਹੀਂ ਨਿਕਲੇ ਅਤੇ ਖਾਤੇ ਵਿੱਚੋਂ ਰਕਮ ਕੱਟ ਗਈ ਹੈ ਤਾਂ ਗਾਹਕ ਨੂੰ ਤੁਰੰਤ ਆਪਣੇ ਬੈਂਕ ਵਿੱਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।
ਇਸ ਲਈ ਤੁਸੀਂ ਇਹ ਕਦਮ ਚੁੱਕ ਸਕਦੇ ਹੋ:
ATM ਟ੍ਰਾਂਜ਼ੈਕਸ਼ਨ ਦੀ ਸਲਿੱਪ ਸੰਭਾਲ ਕੇ ਰੱਖੋ।
ਬੈਂਕ ਵੱਲੋਂ ਆਏ SMS ਅਤੇ ਟ੍ਰਾਂਜ਼ੈਕਸ਼ਨ ਦਾ ਸਕ੍ਰੀਨਸ਼ਾਟ ਸੁਰੱਖਿਅਤ ਰੱਖੋ।
ATM ਦਾ ਨੰਬਰ ਅਤੇ ਟ੍ਰਾਂਜ਼ੈਕਸ਼ਨ ਦੀ ਤਰੀਕ ਨੋਟ ਕਰ ਲਓ।
ਬੈਂਕ ਦੇ ਕਸਟਮਰ ਕੇਅਰ ਜਾਂ ਬ੍ਰਾਂਚ ਵਿੱਚ ਸ਼ਿਕਾਇਤ ਦਰਜ ਕਰਵਾਓ।
ਸ਼ਿਕਾਇਤ ਦਾ ਰੈਫਰੈਂਸ ਨੰਬਰ ਲੈਣਾ ਨਾ ਭੁੱਲੋ।
ਜੇਕਰ ਬੈਂਕ 30 ਦਿਨਾਂ ਦੇ ਅੰਦਰ ਤੁਹਾਡੀ ਸ਼ਿਕਾਇਤ ਦਾ ਜਵਾਬ ਨਹੀਂ ਦਿੰਦਾ ਜਾਂ ਤੁਸੀਂ ਬੈਂਕ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਤਾਂ RBI ਦੇ ਇੰਟੀਗ੍ਰੇਟਿਡ ਲੋਕਪਾਲ (Ombudsman) ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਸ ਲਈ RBI ਦੇ CMS ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ।
