ਚੰਡੀਗੜ੍ਹ, 24 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੀਆਂ ਮੁਸ਼ਕਲਾਂ ਵਧਦੀਆਂ ਦਿਸ ਰਹੀਆਂ ਹਨ, ਅਸਲ ‘ਚ ਮੋਹਾਲੀ ਪੁਲਿਸ ਵੱਲੋਂ ਗਾਇਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਵਿਰੁੱਧ ਮੋਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਵਿੱਚ ਇਹ ਕੇਸ ਦਰਜ ਹੋਇਆ ਹੈ ਅਤੇ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਹਮਲਾ ਕਰਨ, ਜ਼ਬਰਦਸਤੀ ਬੰਧਕ ਬਣਾਉਣ ਅਤੇ ਹਥਿਆਰ ਦੀ ਵਰਤੋਂ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਇਹ ਕਾਰਵਾਈ ਮੇਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੀਅੰਤ ਮਰਵਾਹਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਟੀ-ਸੀਰੀਜ਼ ਨਾਲ ਇੱਕ ਗੀਤ ਦੇ ਸੌਦੇ ਨੂੰ ਲੈ ਕੇ ਹੋਏ ਝਗੜੇ ਕਾਰਨ ਗਾਇਕ ਨੇ ਉਸ ‘ਤੇ ਹਮਲਾ ਕੀਤਾ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀ ਨੇ ਪਿਸਤੌਲ ਤਾਣ ਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਹਿਮਤ ਮਰਵਾਹਾ ਵਾਸੀ ਸੈਕਟਰ 20-ਏ, ਚੰਡੀਗੜ੍ਹ ਨੇ ਦੱਸਿਆ ਕਿ ਉਹ ਇਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ। ਉਸ ਦੇ ਜਾਣਕਾਰ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਨੇ 5-6 ਮਹੀਨੇ ਪਹਿਲਾਂ ਉਸ ਨੂੰ ਕੰਪਨੀ ਨਾਲ ਗਾਣਿਆਂ ਦੀ ਰਿਕਾਰਡਿੰਗ ਦੀ ਡੀਲ ਕਰਵਾਉਣ ਲਈ ਕਿਹਾ ਸੀ। ਰਹਿਮਤ ਨੇ ਉਸ ਦੀ ਗੱਲਬਾਤ ਕਰਵਾ ਦਿੱਤੀ ਸੀ, ਪਰ ਕੁੱਝ ਕਾਰਨਾਂ ਕਰਕੇ ਉਹ ਡੀਲ ਸਿਰੇ ਨਹੀਂ ਚੜ੍ਹ ਸਕੀ। ਸ਼ਿਕਾਇਤਕਰਤਾ ਦੇ ਅਨੁਸਾਰ, ਦਿਲਪ੍ਰੀਤ ਢਿੱਲੋਂ ਇਸ ਕਾਰਨ ਉਸ ਤੋਂ ਨਾਰਾਜ਼ ਸੀ। 22 ਜੁਲਾਈ ਦੀ ਰਾਤ ਨੂੰ, ਉਹ ਸੈਕਟਰ 70 ਵਿੱਚ ਆਪਣੇ ਦੋਸਤ ਦੇ ਫਲੈਟ ‘ਤੇ ਸੀ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਆ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਡੀਲ ਨਾ ਹੋਣ ਦੀ ਰੰਜਿਸ਼ ਕਾਰਨ ਉਸਨੂੰ ਉੱਥੇ ਦੇਖ ਕੇ ਗੁੱਸੇ ਵਿਚ ਆ ਗਿਆ ਅਤੇ ਬਹਿਸ ਕਰਨ ਤੋਂ ਬਾਅਦ ਉਸ ਨਾਲ ਧੱਕਾਮੁੱਕੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ।

ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਦਿਲਪ੍ਰੀਤ ਸਿੰਘ ਢਿੱਲੋਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 115(2), 126(2), 351(2) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਟੌਰ ਪੁਲਿਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚ ਅਧਿਕਾਰੀ ਏਐਸਆਈ ਕੇਵਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀ ਗਾਇਕ ਨੂੰ ਜਲਦੀ ਹੀ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।