- ਕਿਹਾ, ਮੁੱਖ ਮੰਤਰੀ ਦੀ ਅਗਵਾਈ ’ਚ ਸਿਰਫ ਦੋ ਸਾਲ ਦੇ ਕਾਰਜਕਾਲ ’ਚ ਪੰਜਾਬ ਅੰਦਰ 42 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਸਰਕਾਰੀ ਨੌਕਰੀਆਂ
ਹੁਸ਼ਿਆਰਪੁਰ, 1 ਫਰਵਰੀ (ਪੰਜਾਬੀ ਖ਼ਬਰਨਾਮਾ)
ਹੁਸ਼ਿਆਰਪੁਰ ਸਹਿਕਾਰੀ ਕੇਂਦਰੀ ਬੈਂਕ ਵੱਲੋਂ ਬੈਂਕ ਦੇ ਮੁੱਖ ਦਫ਼ਤਰ ਵਿਖੇ ਨਿਯੁਕਤੀ ਪੱਤਰ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਨਵੇਂ ਭਰਤੀ ਹੋਏ 21 ਕਲਰਕ-ਕਮ-ਡਾਟਾ ਐਂਟਰੀ ਆਪ੍ਰੇਟਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨਵ-ਨਿਯੁਕਤ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਕੈਬਨਿਟ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਸੂਬਾ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਸਿਫਾਰਿਸ਼ ਅਤੇ ਰਿਸ਼ਵਤ ਦੇ ਪੱਕੀਆਂ ਨੌਕਰੀਆਂ ਪ੍ਰਦਾਨ ਕਰ ਰਹੀ ਹੈ ਅਤੇ ਹੁਣ ਤੱਕ ਕਰੀਬ 2 ਸਾਲ ਦੇ ਕਾਰਜਕਾਲ ਅੰਦਰ 42000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 12 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਸਕੇਲ ਵਧਾਇਆ ਗਿਆ ਹੈ। ਇਸ ਦੌਰਾਨ ਚੇਅਰਮੈਨ ਵਿਕਰਮ ਸ਼ਰਮਾ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿਚੋਂ ਹੁਸ਼ਿਆਰਪੁਰ ਸਹਿਕਾਰੀ ਬੈਂਕ ਪਹਿਲੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਬੈਂਕ ਆਪਣੇ ਗਾਹਕਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਇਸ ਮੌਕੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਮੇਅਰ ਸੁਰਿੰਦਰ ਕੁਮਾਰ, ਏ.ਆਈ.ਜੀ ਨਰੇਸ਼ ਡੋਗਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਜਤਿੰਦਰ ਸ਼ਰਮਾ, ਸਤਵੰਤ ਸਿੰਘ ਸਿਆਣ, ਅਸ਼ਵਨੀ ਸੈਣੀ, ਮਨਪ੍ਰੀਤ ਸੈਣੀ, ਅਰਜੁਨ ਸ਼ਰਮਾ, ਕਾਰਜਕਾਰੀ ਡਾਇਰੈਕਟਰ ਅਮਰਜੀਤ ਸਿੰਘ ਪੁਰਖੋਵਾਲ, ਲਖਨਵੀਰ ਸਿੰਘ, ਡਾਇਰੈਕਟਰ ਦਵਿੰਦਰ ਕੁਮਾਰ, ਰਣਬੀਰ ਸਿੰਘ, ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ, ਕਰਮਚਾਰੀ ਸੰਗਠਨ ਦੇ ਪ੍ਰਧਾਨ ਬੇਅੰਤ ਸਿੰਘ, ਰਿਕਵਰੀ ਅਧਿਕਾਰੀ ਕਰਮਵੀਰ ਸਿੰਘ ਭੱਲਾ, ਸੀਨੀਅਰ ਮੈਨੇਜਰ ਨਰੇਸ਼ ਕੁਮਾਰ ਪਾਲ ਤੋਂ ਇਲਾਵਾ ਹੋਰ ਬੈਂਕ ਕਰਮਚਾਰੀ ਵੀ ਮੌਜੂਦ ਸਨ।