ਅੰਮ੍ਰਿਤਸਰ, 18 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਬੀਐੱਸਐੱਫ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਬੇਹਰਵਾਲ ਨੇੜੇ ਇਕ ਭਾਰਤੀ ਨਸ਼ਾ ਤਸਕਰ ਨੂੰ 26 ਕਿੱਲੋ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਵਿਸ਼ੇਸ਼ ਜਾਣਕਾਰੀ ਦੇ ਆਧਾਰ ‘ਤੇ ਸੰਯੁਕਤ ਟੀਮ ਨੇ ਨਾਕੇ ’ਤੇ ਇਕ ਸ਼ੱਕੀ ਮੋਟਰਸਾਈਕਲ ਨੂੰ ਰੋਕਿਆ ਤੇ ਉਸ ਦੇ ਸਵਾਰ ਨੂੰ ਹਿਰਾਸਤ ’ਚ ਲਿਆ। ਉਸ ਕੋਲੋਂ ਇਕ ਵੱਡਾ ਬੈਗ ਬਰਾਮਦ ਹੋਇਆ, ਜਿਸ ’ਚ 23 ਪੈਕੇਟ ਹੈਰੋਇਨ (ਕੁੱਲ ਵਜ਼ਨ 25.9 ਕਿੱਲੋ) ਤੇ 2 ਮੈਗਜ਼ੀਨ ਸਮੇਤ ਇਕ ਪਿਸਤੌਲ ਸੀ। ਮੋਟਰਸਾਈਕਲ ਤੋਂ ਇਲਾਵਾ ਇਕ ਆਈਫੋਨ 14 ਵੀ ਬਰਾਮਦ ਕੀਤਾ ਗਿਆ। ਸ਼ੱਕ ਹੈ ਕਿ ਇਹ ਮਾਦਕ ਪਦਾਰਥ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਫੜੇ ਗਏ ਤਸਕਰ ਦੀ ਪਛਾਣ ਪਿੰਡ ਬੇਹਰਵਾਲ ਵਾਸੀ ਵਜੋਂ ਹੋਈ। ਬਰਾਮਦ ਕੀਤੀਆਂ ਚੀਜਾਂ ਤੇ ਮੁਲਜ਼ਮ ਨੂੰ ਅਗਲੀ ਜਾਂਚ ਤੇ ਕਾਨੂੰਨੀ ਕਾਰਵਾਈ ਲਈ ਟਾਸਕ ਫੋਰਸ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ ਹੈ।
ਇੱਧਰ, ਅੰਮ੍ਰਿਤਸਰ ਕਮਿਸ਼ਨਰੇਟ ਦੇ ਸੀਆਈਏ ਸਟਾਫ (ਥ੍ਰੀ) ਨੇ ਹਥਿਆਰ ਤੇ ਹੈਰੋਇਨ ਤਸਕਰੀ ਦੇ ਮਾਮਲਿਆਂ ’ਚ ਨਾਮਜ਼ਦ ਤਸਕਰ ਯਾਸੀਨ ਮੁਹੰਮਦ ਨੂੰ ਸੱਤ ਕਿੱਲੋ 122 ਗ੍ਰਾਮ ਹੇਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਛੇਹਰਟਾ ’ਚ ਨਸ਼ਾ ਤਸਕਰੀ ਦੇ ਦੋਸ਼ ’ਚ ਕੇਸ ਦਰਜ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਰਵਿੰਦਰ ਪਾਲ ਸਿੰਘ, ਏਡੀਸੀਪੀ ਜਗਭਿੰਦਰ ਸਿੰਘ ਤੇ ਏਸੀਪੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ’ਚ ਮੋਹਾਲੀ ਦੇ ਲਾਲੜੂ ਪਿੰਡ ਦੇ ਯਾਸੀਨ ਮੁਹੰਮਦ (22) ਦੇ ਨਾਲ-ਨਾਲ ਮੋਗਾ ਦੇ ਥਾਣਾ ਧਰਮਕੋਟ ਦੇ ਪਿੰਡ ਸ਼ੇਰਪੁਰ ਦਾ ਜਗਪ੍ਰੀਤ ਸਿੰਘ ਵੀ ਸ਼ਾਮਲ ਹੈ। ਯਾਸੀਨ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਵਾਸੀ ਹੈ। ਪੁਲਿਸ ਨੇ ਛੇਹਰਟਾ ਦੇ ਵਡਾਲੀ ਗੁਰੂ ਇਲਾਕੇ ’ਚ ਨਾਕਾਬੰਦੀ ਕਰ ਕੇ ਉਸ ਨੂੰ ਫੜਿਆ। ਤਲਾਸ਼ੀ ਦੌਰਾਨ ਉਸ ਕੋਲੋਂ ਸੱਤ ਕਿੱਲੋ 122 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਯਾਸੀਨ ਨੇ ਮੰਨਿਆ ਕਿ ਉਹ ਇਸ ਤੋਂ ਪਹਿਲਾਂ ਵੀ ਹੈਰੋਇਨ ਦੀਆਂ ਚਾਰ ਖੇਪਾਂ ਤਰਨਤਾਰਨ ਦੇ ਰਸਤੇ ਠਿਕਾਣੇ ਲਗਾ ਚੁੱਕਾ ਹੈ। ਹੈਰੋਇਨ ਉਠਾਉਣ ਲਈ ਉਸ ਨੂੰ ਮੋਗਾ ਵਾਸੀ ਜਗਪ੍ਰੀਤ ਸਿੰਘ ਦੇ ਇਸ਼ਾਰੇ ਦੀ ਉਡੀਕ ਰਹਿੰਦੀ ਸੀ। ਦੋਹਾਂ ਮੁਲਜ਼ਮਾਂ ਖ਼ਿਲਾਫ਼ ਕੁੱਲ ਚਾਰ ਮਾਮਲੇ ਦਰਜ ਹਨ। ਯਾਸੀਨ ਖ਼ਿਲਾਫ਼ ਇਕ ਕੇਸ ਦੋ ਪਿਸਤੌਲ ਬਰਾਮਦਗੀ, ਇਕ ਨਸ਼ਾ ਤਸਕਰੀ, ਦੋ ਲੁੱਟਖੋਹ ਤੇ ਝਪਟਮਾਰੀ ਦੇ ਦਰਜ ਹਨ, ਜਦਕਿ ਜਗਪ੍ਰੀਤ ਸਿੰਘ ਖ਼ਿਲਾਫ਼ ਹਥਿਆਰ ਤਸਕਰੀ ਤੇ ਨਸ਼ਾ ਤਸਕਰੀ ਦੇ ਚਾਰ ਕੇਸ ਦਰਜ ਹਨ।