ਫਤਹਿਗੜ੍ਹ ਸਾਹਿਬ, 08 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਸਰਕਾਰ ਸੂਬੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕ ਸਹੂਲਤਾਂ ਮੁਹਈਆ ਕਰਵਾਉਣ ਲਈ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਕ੍ਰਿਸ਼ਨ ਗੋਪਾਲ ਗਿੱਲ ਨੇ ਦਿੱਤੀ।
ਉਹਨਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਜ਼ਿਲ੍ਹੇ ਦੀਆਂ ਸੜਕਾਂ ਦੇ ਨਵਨਿਰਮਾਣ ਲਈ ਕਾਰਜਸ਼ੀਲ ਹੈ ਅਤੇ ਬਹਿਲੋਲਪੁਰ ਤੋਂ ਪੰਜੋਲੀ ਨੂੰ ਜੋੜਨ ਵਾਲੀ ਸੜਕ ਤੇ ਸਥਿਤ ਚੋਅ ਦੀ ਪੁਲੀ ਦਾ ਛੇਤੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਪੁਲੀ ਦੀ ਮੁਰੰਮਤ ਲਈ ਐਸਟੀਮੇਟ ਬਣਾ ਕੇ ਭੇਜਿਆ ਜਾ ਚੁੱਕਾ ਹੈ ਅਤੇ ਨਵੇਂ ਵਿੱਤੀ ਵਰੇ ਦੇ ਸ਼ੁਰੂ ਹੁੰਦਿਆਂ ਹੀ ਇਸ ਦੀ ਪਰਵਾਨਗੀ ਪ੍ਰਾਪਤ ਹੋਣ ਤੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਐੱਸ ਡੀ ਓ ਕ੍ਰਿਸ਼ਨ ਗੋਪਾਲ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਉਣ ਲਈ ਬਜਟ ਵਿੱਚ ਜੋ ਪ੍ਰਬੰਧ ਕੀਤਾ ਗਿਆ ਹੈ ਉਸ ਨਾਲ ਲੋਕਾਂ ਨੂੰ ਵਿਸ਼ਵ ਪੱਧਰੀ ਸੜਕ ਸਹੂਲਤਾਂ ਮੁਹਈਆ ਹੋਣਗੀਆਂ ਅਤੇ ਫਤਿਹਗੜ੍ਹ ਸਾਹਿਬ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਉਣ ਲਈ ਵੀ ਛੇਤੀ ਹੀ ਕਾਰਵਾਈ ਸ਼ੁਰੂ ਹੋਵੇਗੀ।