ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ
ਕੈਂਪ ਦੌਰਾਨ 45 ਯੂਨਿਟ ਖੂਨ ਦਾਨ — ਪਹਿਲੀ ਵਾਰ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੇ ਪਹਿਲੀ ਵਾਰ ਵੋਟ ਪਾਉਣ ਦੀ ਸਹੁੰ ਵੀ ਚੁੱਕੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ (ਪੰਜਾਬੀ ਖਬਰਨਾਮਾ ਬਿਊਰੋ):
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੀ ਪ੍ਰਧਾਨ ਕੋਮਲ ਮਿੱਤਲ ਦੇ ਨਿਰਦੇਸ਼ਾਂ ਤੇ, ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।
ਕੈਂਪ ਦਾ ਉਦਘਾਟਨ ਸਕੱਤਰ, ਰੈਡ ਕਰਾਸ ਸੋਸਾਇਟੀ ਹਰਬੰਸ ਸਿੰਘ ਅਤੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਵੱਲੋਂ ਕੀਤਾ ਗਿਆ। ਖੂਨਦਾਨ ਕੈਂਪ ਦੇ ਕਨਵੀਨਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਕਾਲਜ ਦੇ ਰੈਡ ਰਿਬਨ ਕਲੱਬ ਅਤੇ ਰਾਸ਼ਟਰੀ ਸੇਵਾ ਯੋਜਨਾ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀ ਬਲੱਡ ਬੈਂਕ ਟੀਮ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰੀ ਪੌਲੀਟੈਕਨਿਕ ਕਾਲਜ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੇ 45 ਵਲੰਟੀਅਰਜ਼ ਨੇ ਖੂਨਦਾਨ ਕੀਤਾ। ਇਸ ਮੌਕੇ ਹਰਬੰਸ ਸਿੰਘ ਨੇ ਕਾਲਜ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕੈਂਪ ਕੋਆਰਡੀਨੇਟਰ ਗੁਰਬਖਸ਼ੀਸ਼ ਸਿੰਘ ਨੂੰ ਉਨ੍ਹਾਂ ਦੇ 40ਵੇਂ ਖੂਨਦਾਨ ਲਈ ਮੁਬਾਰਕਬਾਦ ਦਿੱਤੀ।
ਕੈਂਪ ਦੌਰਾਨ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਐਚ.ਡੀ.ਐਫ.ਸੀ. ਬੈਂਕ ਵੱਲੋਂ ਪ੍ਰਦਾਨ ਕੀਤੀ ਗਈ। ਕੈਂਪ ਦੀ ਸਫਲਤਾ ਲਈ ਐਨ.ਐਸ.ਐਸ. ਕਨਵੀਨਰ ਪ੍ਰਮਿੰਦਰ ਸੈਣੀ, ਡਾ. ਰਵਿੰਦਰ (ਪ੍ਰੋਗਰਾਮ ਅਧਿਕਾਰੀ), ਪ੍ਰੋ. ਬਰਿੰਦਰ ਪ੍ਰਤਾਪ ਸਿੰਘ, ਪ੍ਰੋ. ਅਮਨਦੀਪ ਕੌਰ, ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਮ ਵਿਸ਼ਵਾਸ ਅਤੇ ਸਕੱਤਰ ਰਿਸ਼ੀ ਸਰਲ ਵਿਸ਼ਵਾਸ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕੈਂਪ ਦੌਰਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੰਦੇ ਹੋਏ “ਖੂਨਦਾਨ ਮਹਾਦਾਨ, ਹਰ ਵੋਟ ਜ਼ਰੂਰੀ – ਦੇਸ਼ ਦੀ ਸੇਵਾ ਲਈ” ਦਾ ਸੁਨੇਹਾ ਵੀ ਦਿੱਤਾ।
