22 ਅਗਸਤ 2024 : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਵਿਰੁੱਧ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀਆਂ ਨੇ ਰਵਨੀਤ ਬਿੱਟੂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਹੁਣ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨ ਗਏ ਹਨ। ਉਹ ਪੰਜਾਬੀਆਂ ਦੇ ਨਹੀਂ ਬਣੇ ਤਾਂ ਫਿਰ ਉਹ ਰਾਜਸਥਾਨ ਦੇ ਲੋਕਾਂ ਦੇ ਵੀ ਨਹੀਂ ਬਣਨਗੇ। ਸ੍ਰੀ ਪੰਧੇਰ ਨੇ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਬਿੱਟੂ ਕਹਿੰਦੇ ਸਨ ਕਿ ਉਹ ਕਿਸਾਨਾਂ ਦੇ ਮਸਲੇ ਅੱਗੇ ਹੋ ਕੇ ਹੱਲ ਕਰਨਗੇ ਪਰ ਅੱਜ ਉਹ ਭਾਜਪਾ ਤੇ ਆਰਐੱਸਐੱਸ ਦੀ ਬੋਲੀ ਬੋਲਦਿਆਂ ਕਿਸਾਨ ਵਿਰੋਧੀ ਬਿਆਨ ਦੇਣ ਲੱਗ ਪਏ ਹਨ। ਸ੍ਰੀ ਪੰਧੇਰ ਨੇ ਕਿਹਾ ਕਿ ਬਿੱਟੂ ਕਹਿ ਰਹੇ ਹਨ ਕਿ ਕਿਸਾਨੀ ਧਰਨੇ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨ ਨਹੀਂ ਹਨ ਸਗੋਂ ਉਹ ਤਾਂ ਕੁਝ ਆਗੂ ਹਨ। ਬਿੱਟੂ ਇਹ ਸਪਸ਼ਟ ਕਰਨ ਕਿ ਕਿਸਾਨਾਂ ਨਾਲ ਮਸਲੇ ਹੱਲ ਕਰਨ ਲਈ ਚੰਡੀਗੜ੍ਹ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੀ‌ਟਿੰਗਾਂ ਕੀਤੀਆਂ ਗਈਆਂ ਸਨ ਕੀ ਉਹ ਕਿਸਾਨਾਂ ਨਾਲ ਨਹੀਂ ਕੀਤੀਆਂ ਸਨ। ਸ੍ਰੀ ਪੰਧੇਰ ਨੇ ਕਿਹਾ ਕਿ ਬਿੱਟੂ ਕਿਸਾਨਾਂ ’ਤੇ ਵਿਦੇਸ਼ੀ ਫੰਡਿੰਗ ਦਾ ਦੋਸ਼ ਵੀ ਲਗਾ ਰਹੇ ਹਨ ਜਿਸ ਬਾਰੇ ਬਿੱਟੂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ ਕਿ ਜੇ ਕਿਸਾਨ ਆਗੂਆਂ ਨੇ ਕਿਤੋਂ ਵੀ ਕੋਈ ਗ਼ੈਰਕਾਨੂੰਨੀ ਪੈਸਾ ਕਿਸੇ ਤੋਂ ਵੀ ਲਿਆ ਹੋਵੇ ਤਾਂ ਉਹ ਦੇਣਦਾਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਪਹਿਲਾਂ ਵੀ ਕਿਸਾਨਾਂ ਨੂੰ ਅਤਿਵਾਦੀ, ਖ਼ਾਲਿਸਤਾਨੀ, ਅੰਦੋਲਨਜੀਵੀ ਆਦਿ ਕਹਿੰਦੇ ਰਹੇ ਹਨ, ਹੁਣ ਉਹੋ ਬੋਲੀ ਰਵਨੀਤ ਬਿੱਟੂ ਬੋਲ ਰਹੇ ਹਨ ਕਿਉਂਕਿ ਉਹ ਅੱਜ ਪੰਜਾਬ ਦਾ ਨਹੀਂ ਸਗੋਂ ਭਾਜਪਾ ਦਾ ਪੱਖ ਪੂਰ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।